ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿੱਚ ਮੀਂਹ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈ ਕਣਕ ਦੀ ਫ਼ਸਲ ਤੋਂ ਦੁਖੀ ਹੋ ਕੇ ਇੱਕ ਕਿਸਾਨ ਨੇ ਦਰਦਨਾਕ ਕਦਮ ਪੁਟਿਆ ਹੈ। ਗਿੱਦੜਬਾਹਾ ਹਲਕੇ ਦੇ ਪਿੰਡ ਭਲਾਈਆਣਾ ਦੇ ਦੁਖੀ 65 ਸਾਲਾ ਕਿਸਾਨ ਸਾਧੂ ਸਿੰਘ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਨੇ ਰਾਜਸਥਾਨ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਉਸਦੇ ਦੋ ਪੁੱਤਰ ਹਨ।
ਦੱਸਿਆ ਜਾ ਰਿਹੈ ਕਿ ਕਿਸਾਨ ਪਰਸੋਂ ਤੋਂ ਲਾਪਤਾ ਸੀ ਅਤੇ ਕੱਲ ਦੁਪਹਿਰ ਵੇਲੇ ਉਸਦੀ ਲਾਸ਼ ਰਾਜਸਥਾਨ ਫੀਡਰ ਦੇ ਸੋਥਾ ਹੈੱਡ ਤੋਂ ਮਿਲੀ ਹੈ। ਬੇਸ਼ੂਕ ਇਨ੍ਹਾਂ ਦਿਨਾਂ ਵਿੱਚ ਨਹਿਰ ਬੰਦ ਚੱਲ ਰਹੀ ਸੀ ਪਰ ਹੈੱਡ ਕੋਲ ਪਾਣੀ ਕਾਫ਼ੀ ਡੂੰਘਾ ਖੜ੍ਹਾ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰ ਰਹੀ ਹੈ।
68 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਈ ਸੀ ਜ਼ਮੀਨ
ਕਿਸਾਨ ਸਾਧੂ ਸਿੰਘ ਕੋਲ ਆਪਣੀ ਤਿੰਨ ਏਕੜ ਜ਼ਮੀਨ ਹੈ। ਇਸਦੇ ਨਾਲ ਹੀ ਉਸਨੇ 68 ਹਜ਼ਾਰ ਰੁਪਏ ਏਕੜ ਦੇ ਹਿਸਾਬ ਨਾਲ 25 ਏਕੜ ਹੋਰ ਜ਼ਮੀਨ ਲਈ ਹੋਈ ਸੀ। ਇੰਨਾ ਹੀ ਨਹੀਂ ਉਸਨੇ ਬੈਂਕ ਤੋਂ ਸੱਤ ਲੱਖ ਦਾ ਕਰਜ਼ਾ ਵੀ ਚੁੱਕਿਆ ਹੋਇਆ ਸੀ। ਬੀਤੇ ਦਿਨੀਂ ਬੇਮੌਸਮੇ ਮੀਂਹ ਨੇ ਉਸਦੀ ਫ਼ਸਲ ਦਾ ਬਹੁਤ ਨਕੁਸਾਨ ਕੀਤਾ ਸੀ। ਜਿਸ ਕਾਰਨ ਉਹ ਤਣਾਅ ਵਿੱਚ ਚੱਲ ਰਿਹਾ ਸੀ।
ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਮੀਂਹ ਕਾਰਨ ਉਸ ਦੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ। ਉਸ ਕੋਲ ਤਿੰਨ ਏਕੜ ਜ਼ਮੀਨ ਹੈ। ਉਥੇ 25 ਏਕੜ ਜ਼ਮੀਨ ਠੇਕੇ ‘ਤੇ ਲਈ ਸੀ। ਇਸ ਵਿੱਚ ਕਣਕ ਦੀ ਬਿਜਾਈ ਕੀਤੀ ਗਈ। ਸਾਰੀ ਫ਼ਸਲ ਬਰਬਾਦ ਹੋਣ ਕਾਰਨ ਪਿਤਾ ਉਦਾਸ ਸੀ। ਇਸ ਦੇ ਨਾਲ ਹੀ ਉਸ ਨੂੰ 25 ਏਕੜ ਜ਼ਮੀਨ ਦਾ ਠੇਕਾ ਦੇਣ ਦੀ ਚਿੰਤਾ ਵੀ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ। ਸ਼ਨੀਵਾਰ ਨੂੰ ਪਿਤਾ ਅਚਾਨਕ ਘਰੋਂ ਚਲਾ ਗਿਆ, ਜੋ ਕਾਫੀ ਭਾਲ ਦੇ ਬਾਵਜੂਦ ਨਹੀਂ ਮਿਲਿਆ। ਉਸ ਦੀ ਲਾਸ਼ ਐਤਵਾਰ ਸ਼ਾਮ ਕਰੀਬ 5 ਵਜੇ ਪਿੰਡ ਦੋਦਾ ਕੋਲੋਂ ਲੰਘਦੀ ਰਾਜਸਥਾਨ ਨਹਿਰ ਦੇ ਸੋਥਾ ਹੈੱਡ ਨੇੜੇ ਮਿਲੀ।
40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੀ ਮੰਗ
ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਮੀਂਹ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ। ਉਨ੍ਹਾਂ ਮੰਗ ਕੀਤੀ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ 17 ਹਜ਼ਾਰ ਮੁਆਵਜ਼ਾ ਦਿੱਤਾ ਸੀ ਪਰ ਭਗਵੰਤ ਮਾਨ ਸਰਕਾਰ 15 ਹਜ਼ਾਰ ਹੀ ਦੇ ਰਹੀ ਹੈ।