International Punjab

ਕੈਨੇਡਾ ‘ਚ ਇਸ ਵੱਡੇ ਅਹੁਦੇ ‘ਤੇ ਬੈਠਣ ਵਾਲੇ ਦਲਜੀਤ ਸਿੰਘ ਪਹਿਲੇ ਸਿੱਖ ਬਣੇ ! 13 ਅਪ੍ਰੈਲ ਨੂੰ ਟਰਬਨ ਡੇਅ ਬਣਾਉਣ ਦਾ ਮਤਾ ਵੀ ਪੇਸ਼ ਕੀਤਾ ਸੀ !

ਬਿਉਰੋ ਰਿਪੋਰਟ : ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੇ ਸਿਆਸਤ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ । ਕੈਨੇਡੀਅਨ ਸਿਆਸਤਦਾਨ ਦਲਜੀਤ ਸਿੰਘ ਬਰਾੜ ਮੈਨੀਟੋਬਾ ਦੀ ਵਿਧਾਨਸਭਾ ਦੇ ਅਸਿਸਟੈਂਟ ਸਪੀਕਰ ਚੁਣੇ ਗਏ ਹਨ। ਉਹ ਇਸ ਅਹੁਦੇ ਦੇ ਬੈਠਣ ਵਾਲੇ ਪਹਿਲੇ ਸਿੱਖ ਬਣ ਗਏ ਹਨ । ਦਲਜੀਤ ਸਿੰਘ ਬਰਾੜ ਮੁਕਤਸਰ ਦੇ ਭੰਚਾਰੀ ਪਿੰਡ ਦੇ ਰਹਿਣ ਵਾਲੇ ਹਨ । ਬਰਾੜ ਦੂਜੀ ਵਾਰ ਬਰੋਜ਼ ਤੋਂ ਵਿਧਾਇਕ ਚੁਣ ਕੇ ਵਿਧਾਨਸਭਾ ਵਿੱਚ ਪਹੁੰਚੇ ਹਨ । ਉਨ੍ਹਾਂ ਨੇ 29 ਨਵੰਬਰ ਨੂੰ ਆਪਣਾ ਅਹੁਦਾ ਸੰਭਾਲਿਆ ਸੀ ।

ਦਲਜੀਤ ਸਿੰਘ ਦੇ ਪਿਤਾ ਮੰਗਲ ਸਿੰਘ ਸ਼੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਵਿੱਚ ਰਹਿੰਦੇ ਹਨ ਅਤੇ ਉਹ ਸਰਕਾਰੀ ਸਕੂਲ ਦੇ ਰਿਟਾਇਰਡ ਅਧਿਆਪਕ ਹਨ । ਉਨ੍ਹਾਂ ਨੇ ਕਿਹਾ ਸਾਡੇ ਪਰਿਵਾਰ ਅਤੇ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਪੁੱਤਰ ਪਹਿਲਾਂ ਕੇਸਾਂ ਧਾਰੀ ਸਿੱਖ ਹੈ ਜੋ ਸਪੀਕਰ ਦੀ ਕੁਰਸੀ ‘ਤੇ ਬੈਠਾ ਹੈ। ਦਲਜੀਤ ਸਿੰਘ ਬਰਾੜ ਪੰਜਾਬ ਤੋਂ ਕੈਨੇਡਾ 2010 ਵਿੱਚ ਗਏ ਸਨ ਅਤੇ 13 ਸਾਲ ਦੇ ਅੰਦਰ ਹੀ ਉਨ੍ਹਾਂ ਨੇ ਸਿਆਸਤ ਵਿੱਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ ।

ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਪੁੱਤਰ ਦਲਜੀਤ ਅਤੇ ਉਸ ਦੀ ਪਤਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਿਦਿਆਰਥੀ ਹਨ । ਉਨ੍ਹਾਂ ਨੇ ਉੱਥੇ ਸਹਾਇਕ ਪ੍ਰੋਫੈਸਰ ਵਜੋਂ ਕੰਮ ਕੀਤਾ ਸੀ । ਦਲਜੀਤ ਸਿੰਘ ਨੇ ਜਗਮੀਤ ਸਿੰਘ ਦੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ ਤੋਂ ਚੋਣ ਜਿੱਤੀ ਸੀ ਅਤੇ ਪਿਛਲੇ ਸਾਲ ਉਨ੍ਹਾਂ ਨੇ ਵਿਧਾਨਸਭਾ ਦੇ ਅੰਦਰ ਇੱਕ ਪ੍ਰਾਈਵੇਟ ਬਿੱਲ ਪੇਸ਼ ਕੀਤਾ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਹਰ ਸਾਲ 13 ਅਪ੍ਰੈਲ ਵਿਸਾਖੀ ਨੂੰ ਟਰਬਨ ਡੇਅ ਦੇ ਤੌਰ ‘ਤੇ ਮਨਾਇਆ ਜਾਵੇਗਾ। ਦਲਜੀਤ ਸਿੰਘ ਵਿਧਾਇਕ ਦੇ ਨਾਲ ਬੁੱਲਾ ਆਰਟ ਇੰਟਰਨੈਸ਼ਨਲ ਦੇ ਡਾਇਰੈਕਟਰ ਵੀ ਸਨ ਜੋ ਪੰਜਾਬੀ ਕਲਾਂ ਅਤੇ ਸਿੱਖਿਆ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦਾ ਹੈ ।