Punjab

ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਇਸ ਵੱਡੀ ਵਜ੍ਹਾ ਨਾਲ ਰੁਕੀ !

ਬਿਉਰੋ ਰਿਪੋਰਟ : ਪੰਜਾਬ ਵਿੱਚ 50 ਵਿਭਾਗਾਂ ਦੇ 2 ਲੱਖ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਰੁੱਕ ਗਈ ਹੈ । ਇਸ ਦੇ ਪਿੱਛੇ ਵੱਡੀ ਵਜ੍ਹਾ ਹੈ ਪੰਜਾਬ ਸਟੇਟ ਮਿਨਿਸਟ੍ਰੀਅਲ ਮੁਲਾਜ਼ਮ ਯੂਨੀਅਨ 8 ਨਵੰਬਰ ਤੋਂ ਹੜਤਾਲ ‘ਤੇ ਚੱਲ ਰਿਹਾ ਹੈ । ਯੂਨੀਅਨ ਵੱਲੋਂ 6 ਦਸੰਬਰ ਤੱਕ ਹੜਤਾਲ ਜਾਰੀ ਰੱਖਣ ਦੇ ਕਿਆਸ ਲਗਾਏ ਜਾ ਰਹੇ ਹਨ । ਹੁਣ ਤੱਕ ਸਰਕਾਰ ਵੱਲੋਂ ਗੱਲਬਾਤ ਦੇ ਲਈ ਕੋਈ ਸੱਦਾ ਨਾ ਮਿਲਣ ਦੀ ਵਜ੍ਹਾ ਕਰਕੇ ਹੜ੍ਹਤਾਲ ਨੂੰ 6 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ । ਜੇਕਰ ਹੁਣ ਵੀ ਗੱਲ ਨਾ ਹੋਈ ਤਾਂ ਹੜਤਾਲ ਅੱਗੇ ਵਧਾਈ ਜਾ ਸਕਦੀ ਹੈ ।

PSMSU ਅੰਮ੍ਰਿਤਸਰ ਦੇ ਜਨਰਲ ਸਕੱਤਰ ਜਗਦੀਸ਼ ਠਾਕੁਰ ਨੇ ਦੱਸਿਆ ਕਿ ਟ੍ਰੇਜਰੀ ਵਿਭਾਗ ਦੇ ਮੁਲਾਜ਼ਮ ਹੜਤਾਲ ‘ਤੇ ਹਨ । ਹਰ ਸਰਕਾਰੀ ਵਿਭਾਗ ਦਾ ਸਟਾਫ ਤਨਖ਼ਾਹ ਤਿਆਰ ਕਰਕੇ ਸੈਲਰੀ ਸਲਿੱਪ ਟ੍ਰੇਜਰੀ ਵਿਭਾਗ ਨੂੰ ਭੇਜ ਦਾ ਹੈ। ਹੜਤਾਲ ਦੇ ਕਾਰਨ ਨਵੰਬਰ ਮਹੀਨੇ ਦੀ ਸੈਲਰੀ ਸਲਿੱਪ ਦੇ ਬਿੱਲ ਖਜਾਨਾ ਦਫਤਰਾਂ ਵਿੱਚ ਜਮਾ ਹੀ ਨਹੀਂ ਹੋਏ ਹਨ,ਜਿਸ ਦੀ ਵਜ੍ਹਾ ਕਰਕੇ ਹੜਤਾਲ ਖਤਮ ਹੋਣ ਅਤੇ ਤਨਖਾਹ ਮਿਲਣ ਦਾ ਅੰਦਾਜਾ ਲਗਾਉਣਾ ਮੁਸ਼ਕਿਲ ਹੈ।

ਮੁਲਾਜ਼ਮਾਂ ਦੀ ਹਨ ਇਹ ਮੰਗਾਂ

ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਾਜ਼ਮ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਾਉਣਾ ਚਾਹੁੰਦੇ ਹਨ । ਇਸ ਦੇ ਇਲਾਵਾ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਜਾਰੀ ਕਰਨਾ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀਆਂ ਮੰਗਾਂ ਪੈਂਡਿੰਗ ਹਨ । ਉਨ੍ਹਾਂ ਕਿਹਾ ਸਾਡੀ ਮੰਗਾਂ ਜਾਇਜ਼ ਹਨ ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਹੈ ।

ਅੰਮ੍ਰਿਤਸਰ ਕਮਿਸ਼ਨਰ ਦਫਤਰ ਤੋਂ ਪੱਤਰ ਜਾਰੀ

ਮਨਿਸਟਰੀਅਲ ਸਟਾਫ਼ ਹੜਤਾਲ ‘ਤੇ ਹੋਣ ਦੀ ਵਜ੍ਹਾ ਕਰਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੀ ਅਕਾਊਂਟ ਬਰਾਂਚ ਨੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਪੱਤਰ ਜਾਰੀ ਕੀਤਾ ਹੈ । ਜਿਸ ਵਿੱਚ ਲਿਖਿਆ ਹੈ ਕਿ ਮਨਿਸਟਰੀਅਲ ਸਟਾਫ਼ ਹੜਤਾਲ ‘ਤੇ ਹੈ ਇਸੇ ਲਈ ਖ਼ਜ਼ਾਨਾ ਦਫ਼ਤਰ ਵੱਲੋਂ ਤਨਖ਼ਾਹ ਬਿੱਲ ਪਾਸ ਨਾ ਹੋਣ ਦੀ ਸੰਭਾਵਨਾ ਹੈ । ਇਸੇ ਲਈ ਤਨਖ਼ਾਹ ਮਿਲਣ ਵਿੱਚ ਪਰੇਸ਼ਾਨੀ ਆ ਸਕਦੀ ਹੈ ।

ਮੁਲਾਜ਼ਮਾਂ ਨੂੰ ਹਦਾਇਤਾਂ

ਕਮਿਸ਼ਨਰੇਟ ਦਫ਼ਤਰ ਤੋਂ ਜਾਰੀ ਪੱਤਰ ਵਿੱਚ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਾਰੇ ਮੁਲਾਜ਼ਮ ਆਪਣੇ ਬੈਂਕ ਅਕਾਊਂਟ ਵਿੱਚ ਰੱਖਣ ਤਾਂਕਿ ਜੇਕਰ ਕਿਸੇ ਨੇ ਬੈਂਕ ਤੋਂ ਲੋਨ ਲਿਆ ਹੈ ਜਾਂ ਫਿਰ ਕੋਈ ਕਿਸ਼ਤ ਕੱਟ ਦੀ ਹੈ ਤਾਂ ਉਸ ਦਾ ਸਮੇਂ ‘ਤੇ ਭੁਗਤਾਨ ਕੀਤਾ ਜਾਵੇ।