Punjab

ਮੈਰੀਟੋਰੀਅਸ ਸਕੂਲ ਦੇ 40 ਬੱਚੇ ਹਸਪਤਾਲ ‘ਚ ਭਰਤੀ !

 

ਬਿਉਰੋ ਰਿਪੋਰਟ : ਸੰਗਰੂਰ ਦੇ ਘਾਬਦਾ ਦੇ ਮੈਰੀਟੋਰੀਅਸ ਸਕੂਲ ਦੇ 40 ਬੱਚਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਹੋਸਟਲ ਦਾ ਖਾਣਾ ਖਾਣ ਤੋਂ ਬਾਅਦ ਵਿਦਿਆਰਥੀਆਂ ਦੀ ਤਬੀਅਤ ਵਿਗੜ ਗਈ । ਡਾਕਟਰਾਂ ਮੁਤਾਬਿਕ ਰਾਤ ਨੂੰ ਪਹਿਲਾਂ 20 ਬੱਚਿਆਂ ਨੂੰ ਭਰਤੀ ਕਰਵਾਇਆ ਗਿਆ ਸੀ ਜਿੰਨਾਂ ਵਿੱਚੋ 16 ਨੂੰ ਛੁੱਟੀ ਦੇ ਦਿੱਤੀ ਗਈ ਹੈ ਜਦਕਿ 4 ਨੂੰ ਹੁਣ ਵੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ । ਹਸਪਤਾਲ ਨੇ ਦੱਸਿਆ ਕਿ ਫੂਡ ਪੁਆਇਜ਼ਨਿੰਗ ਦੀ ਵਜ੍ਹਾ ਕਰਕੇ ਬੱਚਿਆਂ ਨੇ ਢਿੱਡ ਵਿੱਚ ਦਰਦ ਅਤੇ ਉਲਟੀ ਦੀ ਸ਼ਿਕਾਇਤ ਕੀਤੀ ਸੀ। ਸਵੇਰੇ ਇਸੇ ਸਕੂਲ ਦੇ 35 ਹੋਰ ਬੱਚਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਉਨ੍ਹਾਂ ਨੂੰ ਵੀ ਫੂਡ ਪੁਆਇਜ਼ਨਿੰਗ ਦੀ ਹੀ ਸ਼ਿਕਾਇਤ ਹੈ । ਡਾਕਟਰ ਨੇ ਕਿਹਾ ਬੱਚਿਆਂ ਦੀ ਹਾਲਤ ਸਟੇਬਲ ਹੈ ਅਸੀਂ ਫੂਡ ਦੇ ਸੈਂਪਲ ਲੈਣ ਦੇ ਲਈ ਇੱਕ ਟੀਮ ਭੇਜੀ ਹੈ ।ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਦੇ ਖਿਲਾਫ ਸਖਤ ਐਕਸ਼ਨ ਲਿਆ ਹੈ ।

ਬੱਚਿਆਂ ਦੀ ਸ਼ਿਕਾਇਤ

ਹਸਪਤਾਲ ਵਿੱਚ ਮੌਜੂਦ ਬੱਚਿਆਂ ਨੇ ਦੱਸਿਆ ਕਿ ਜਦੋਂ ਤੋਂ ਅਸੀਂ ਦੀਵਾਲੀ ਤੋਂ ਬਾਅਦ ਸਕੂਲ ਪਹੁੰਚੇ ਹਾਂ ਲਗਾਤਾਰ ਖਾਣੇ ਵਿੱਚ ਪਰੇਸ਼ਾਨੀ ਆ ਰਹੀ ਹੈ । ਸਾਨੂੰ ਗੰਦਾ ਖਾਣਾ ਪਰੋਸਿਆ ਜਾ ਰਿਹਾ ਸੀ ਅਸੀਂ ਅਧਿਆਪਕਾਂ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਸੀ । ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਖਾਣਾ ਖਾਧਾ ਸੀ ਤਾਂ ਰਾਤ ਵੇਲੇ ਬੱਚਿਆਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਸੀ । ਕਈ ਵਿਦਿਆਰਥੀਆਂ ਨੇ ਉਲਟੀ ਕੀਤੀ ਅਤੇ ਕਈਆਂ ਦੇ ਮੂੰਹ ਤੋਂ ਝੱਗ ਵੀ ਨਿਕਲ ਰਹੀ ਸੀ । ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਕੁਝ ਸਮੇਂ ਪਹਿਲਾਂ ਖਾਣੇ ਵਿੱਚ ਚੂਹਾ ਵੀ ਮਿਲਿਆ ਸੀ ।

ਗੁੱਸੇ ਵਿੱਚ ਬੱਚਿਆਂ ਦੇ ਮਾਪੇ

ਬੱਚਿਆਂ ਦੇ ਮਾਪਿਆਂ ਦੀ ਸ਼ਿਕਾਇਤ ਹੈ ਕਿ ਸਾਨੂੰ ਸਾਡੇ ਬੱਚਿਆਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਸਕੂਲ ਪ੍ਰਸ਼ਾਸਨ ਨੇ ਅੰਦਰੋ ਗੇਟ ਬੰਦ ਕਰ ਲਿਆ ਹੈ । ਸਾਨੂੰ ਇਤਲਾਹ ਮਿਲੀ ਸੀ ਕਿ ਖਾਣਾ ਖਾਣ ਨਾਲ ਸਕੂਲ ਦੇ ਬੱਚੇ ਬਿਮਾਰ ਹੋਏ ਸਨ । ਕਈ ਲੋਕਾਂ ਨੇ ਜ਼ਬਰਦਸਤੀ ਸਕੂਲ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਸਕੂਲ ਦੇ ਆਲੇ-ਦੁਆਲੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ । ਸਥਾਨਕ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਨੇ ਸਕੂਲ ਦੇ ਅੰਦਰ ਜਾਕੇ ਬੱਚਿਆਂ ਨਾਲ ਗੱਲਬਾਤ ਕੀਤੀ ।

ਸਿੱਖਿਆ ਮੰਤਰੀ ਵੱਲੋਂ ਵੱਡਾ ਐਕਸ਼ਨ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਮੈਂ ਸਾਰੀ ਜਾਣਕਾਰੀ ਡੀਸੀ ਤੋਂ ਹਾਸਲ ਕਰ ਲਈ ਹੈ । ਫੂਡ ਪੁਆਇਜ਼ਨਿੰਗ ਦੀ ਵਜ੍ਹਾ ਕਰਕੇ ਬੱਚੇ ਬਿਮਾਰ ਹੋਏ ਹਨ। ਜ਼ਿਆਦਾਤਰ ਬੱਚਿਆਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ । ਪਰ ਅਸੀਂ ਇਸ ਮਾਮਲੇ ਨੂੰ ਬਿਲਕੁਲ ਵੀ ਹਲਕੇ ਨਾਲ ਨਹੀਂ ਲੈ ਰਹੇ ਹਾਂ । ਮੈਡੀਕਲ ਦੀਆਂ ਟੀਮਾਂ ਸਕੂਲ ਵਿੱਚ ਵੀ ਤਾਇਨਾਤ ਕੀਤੀਆਂ ਗਈਆਂ ਹਨ ਤਾਂਕੀ ਜੇਕਰ ਕਿਸੇ ਬੱਚੇ ਨੂੰ ਪਰੇਸ਼ਾਨੀ ਹੋਏ ਤਾਂ ਉੱਥੇ ਹੀ ਇਲਾਜ ਕੀਤਾ ਜਾਵੇ। SDM ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਖਾਣਾ ਬਣਾਉਣ ਵਾਲੇ ਕੰਟਰੈਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਕੰਟਰੈਕਟਰ ਦੇ ਖਾਣੇ ਦੀ ਸਪਲਾਈ ਸੂਬੇ ਦੇ 10 ਵਿੱਚੋਂ 6 ਮੈਰੀਟੋਰੀਅਸ ਸਕੂਲਾਂ ਵਿੱਚ ਹੁੰਦੀ ਹੈ ਉੱਥੇ ਵੀ DEO ਅਤੇ ਸਿਵਲ ਸਰਜਨ ਨੂੰ ਭੇਜਿਆ ਗਿਆ ਅਤੇ ਖਾਣੇ ਦੀ ਚੈਕਿੰਗ ਕੀਤੀ ਜਾ ਰਹੀ ਹੈ ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਮੈਂਨੂੰ ਪਤਾ ਚੱਲਿਆ ਹੈ ਕਿ ਖਾਣੇ ਨੂੰ ਲੈਕੇ ਪਹਿਲਾਂ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਹੈ,ਮੈਂ ਹਰ ਇੱਕ ਸਕੂਲ ਵਿੱਚ ਆਪਣੀ ਪਰਸਨਲ ਈ-ਮੇਲ ਆਈਡੀ ਲਗਾਈ ਹੋਈ ਤਾਂਕੀ ਕਾਰਵਾਈ ਵਿੱਚ ਦੇਰੀ ਨਾ ਹੋਏ। ਆਖਿਰ ਸ਼ਿਕਾਇਤ ਸਾਡੇ ਤੱਕ ਕਿਉਂ ਨਹੀਂ ਪਹੁੰਚੀ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।