ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੂੰ ਚੁਣੇ ਜਾਣ ਤੋਂ ਬਾਅਦ ਵਿਵਾਦ ਹੋਰ ਭੱਖ ਗਿਆ ਹੈ । HSGPC ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਮੇਟੀ ਦੀ ਹੌਂਦ ਨੂੰ ਖਾਰਜ ਕਰ ਦਿੱਤਾ ਅਤੇ ਗੰਭੀਰ ਸਵਾਲ ਚੁੱਕੇ । ਵੀਰਵਾਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ‘ਚ ਇੱਕ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਕਿਹਾ ਕਿ ਸਰਕਾਰੀ ਦਖ਼ਲ ਨਾਲ ਬਣਾਈ ਜਾ ਰਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਨਜੂਰ ਨਹੀਂ ਹੈ। ਇਸ ਤੋਂ ਇਲਾਵਾ ਝੀਂਡਾ ਨੇ ਹਰਿਆਣਾ ਵਿੱਚ ਵੱਖ ਤੋਂ ਕਮੇਟੀ ਬਣਾਉਣ ਵੱਲ ਵੱਡਾ ਇਸ਼ਾਰਾ ਕੀਤਾ ਹੈ ਜਿਸ ਦਾ ਫੈਸਲਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕਰਨਗੇ।
1 ਜਨਵਰੀ ਨੂੰ ਜਗਦੀਸ਼ ਸਿੰਘ ਝੀਂਡਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਨਗੇ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਵੱਖ ਤੋਂ ਕਮੇਟੀ ਬਣਾਉਣ ਨੂੰ ਲੈਕੇ ਵੱਡਾ ਫੈਸਲਾ ਕਰਨਗੇ। ਦੱਸ ਦਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਬੁੱਧਵਾਰ 21 ਦਸੰਬਰ ਨੂੰ ਕੁਰੂਕਸ਼ੇਤਰ ਵਿੱਚ ਹੋਈ ਜਿਸ ਵਿੱਚ ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ।
ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਨੂੰ ਲੈਕੇ ਲਗਾਤਾਰ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ,ਇਸ ਤੋਂ ਪਹਿਲਾਂ HSGPC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਦੀਦਾਰ ਸਿੰਘ ਨਲਵੀ ਨੇ ਨਵੀਂ ਕਮੇਟੀ ਨੂੰ ਲੈਕੇ ਨਰਾਜ਼ਗੀ ਜਤਾਈ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਮਨਜ਼ੂਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਵਿਰੋਧ ਵਿੱਚ ਅਸੀਂ ਹਰ ਜ਼ਿਲ੍ਹੇ ਵਿੱਚ ਜਾ ਕੇ ਸਿੱਖਾਂ ਨਾਲ ਗੱਲਬਾਤ ਕਰਾਂਗੇ।
ਇਸ ਦੇ ਨਾਲ ਹੀ 1 ਜਨਵਰੀ 2023 ਨੂੰ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਹਾਜ਼ਰੀ ਵਿੱਚ ਵੱਡਾ ਐਲਾਨ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਸੰਭਾਵਨਾ ਪ੍ਰਗਟਾਈ ਕਿ ਉਹ ਸਿੱਖਾਂ ਨਾਲ ਗੱਲਬਾਤ ਕਰਕੇ ਵੱਖਰੀ ਕਮੇਟੀ ਬਣਾਉਣਗੇ। ਉੱਥੇ ਝੀਂਡਾ ਨੇ ਦਾਦੂਵਾਲ ਅਤੇ ਦੀਦਾਰ ਸਿੰਘ ਨਲਵੀ ਨੂੰ ਕਰੜੇ ਹੱਥੀਂ ਲਿਆ ਅਤੇ ਖਰੀਆਂ ਖਰੀਆਂ ਸੁਣਾਈਆਂ । ਉਨ੍ਹਾਂ ਨੇ ਕਿਹਾ ਦਾਦੂਵਾਲ ਅਤੇ ਦੀਦਾਰ ਸਿੰਘ ਨਲਵੀ ਵਰਗੇ ਲੋਕ ਕੁਰਸੀ ਦੇ ਭੁੱਖੇ ਹਨ । ਜਦੋਂ ਇਨ੍ਹਾਂ ਨੂੰ ਕੋਈ ਅਹੁਦਾ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਮੀਟਿੰਗ ਦਾ ਵਿਰੋਧ ਕੀਤਾ ।