Punjab

ਖਹਿਰਾ ਨੇ ਘੇਰੇ ਬਾਦਲ ਪਿਉ-ਪੁੱਤ,ਸਾਧ ਦਾ ਬਚਾਅ ਕਰਨ ਦੇ ਆਪ ‘ਤੇ ਲਾਏ ਇਲਜ਼ਾਮ

ਚੰਡੀਗੜ੍ਹ : ਕੋਟਕਪੂਰਾ ਕਤਲਕਾਂਡ ਵਿੱਚ ਐਸਆਈਟੀ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਮਜ਼ਦ ਕੀਤੇ ਜਾਣ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਦਾ ਸੁਆਗਤ ਕੀਤਾ ਹੈ।

ਆਪਣੇ ਟਵੀਟ ਵਿੱਚ ਖਹਿਰਾ ਨੇ ਲਿੱਖਿਆ ਹੈ ਕਿ ਜਦੋਂ ਕਿ ਉਹ ਕੋਟਕਪੂਰਾ ਗੋਲੀਬਾਰੀ ਵਿੱਚ ਸ਼ਕਤੀਸ਼ਾਲੀ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਵਿਰੁੱਧ ਚਲਾਨ ਦਾ ਸਵਾਗਤ ਕਰਦੇ ਹਨ ਪਰ ਨਾਲ ਹੀ ਉਹਨਾਂ ਪੰਜਾਬ ਦੀ ਆਪ ਸਰਕਾਰ ਤੇ ਫਿਰ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ ਕਿ ਮਾਨ ਸਰਕਾਰ ਨੇ ਫਿਰ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਰਾਹਤ ਦਿੱਤੀ ਹੈ ਕਿਉਂਕਿ ਸਾਰੇ ਬੇਅਦਬੀ ਅਤੇ ਬਹਿਬਲ ਕਤਲੇਆਮ ਉਸ ਦੀ ਨਾਪਾਕ ਸ਼ਮੂਲੀਅਤ ਕਾਰਨ ਹੋਏ ਸਨ ਤੇ ਇਸ ਤੋਂ ਇਲਾਵਾ ਮੌੜ ਮੰਡੀ ਬਲਾਸਟ ਵਿੱਚ ਵੀ ਉਸ ਦੀ ਸ਼ਮੂਲੀਅਤ ਸਾਹਮਣੇ ਆਈ ਸੀ।

ਇਸ ਤੋਂ ਬਾਅਦ ਕੀਤੇ ਗਏ ਆਪਣੇ ਹੀ ਇੱਕ ਹੋਰ ਟਵੀਟ ਵਿੱਚ ਖਹਿਰਾ ਨੇ ਬਾਦਲ ਪਿਉ-ਪੁੱਤ ਨੂੰ ਇੱਕ ਵਾਰ ਫਿਰ ਘੇਰਿਆ ਹੈ। ਆਪਣੇ ਇਸ ਟਵੀਟ ਵਿੱਚ ਖਹਿਰਾ ਲਿਖਦੇ ਹਨ ਕਿ ਹੁਣ ਬਾਦਲ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਹਨ, ਉਨ੍ਹਾਂ ਨੂੰ ਉਸ ਸਾਜ਼ਿਸ਼ ਦਾ ਖੁਲਾਸਾ ਕਰਨਾ ਚਾਹੀਦਾ ਹੈ,ਜਿਸ ਰਾਹੀਂ ਉਨ੍ਹਾਂ ਨੇ ਡੇਰਾ ਮੁਖੀ ਦੇ ਖਿਲਾਫ਼ ਸੰਨ 2007 ਵਿੱਚ ਬਠਿੰਡਾ ਸੈਸ਼ਨ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਹੋਣ ਦਿੱਤਾ ਸੀ ਤੇ ਧਾਰਾ 295 ਵਿੱਚ ਬਰੀ ਕਰਵਾਇਆ ਸੀ। ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ।

 

ਖਹਿਰਾ ਨੇ ਇਲਜ਼ਾਮ ਲਗਾਇਆ ਹੈ ਕਿ ਬਾਦਲ ਪਿਉ-ਪੁੱਤ ਨੇ ਇਹ 2012 ਦੀਆਂ ਚੋਣਾਂ ਦੌਰਾਨ ਸਿਰਫ਼ ਸਿਆਸੀ ਲਾਹਾ ਲੈਣ ਲਈ ਕੀਤਾ ਸੀ।