Punjab

ਕਾਂਗਰਸ ਨੇ ਸਿਮਰਜੀਤ ਬੈਂਸ ਤੋਂ ਦੂਰੀ ਬਣਾ ਲਈ, ਲੁਧਿਆਣਾ ‘ਚ ਬਾਗੀ ਸੁਰਾਂ ਅੱਗੇ ਝੁਕੀ ਹਾਈਕਮਾਨ

ਚੰਡੀਗੜ੍ਹ : ਪੰਜਾਬ ‘ਚ ਲੋਕ ਸਭਾ ਚੋਣਾਂ(Lok Sabha Elections0 ਨੂੰ ਲੈ ਕੇ ਸਿਆਸਤ(Punjab politics) ‘ਚ ਗਰਮਾ ਗਰਮੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਲੁਧਿਆਣਾ ਦੀ ਲੋਕ ਸਭਾ ਸੀਟ ‘ਤੇ ਭਾਜਪਾ ਨੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਕਾਂਗਰਸ ਹਾਈਕਮਾਂਡ ਨਾਲ ਕਈ ਮੀਟਿੰਗਾਂ ਹੋਈਆਂ। ਜ਼ਿਲ੍ਹਾ ਪੱਧਰੀ ਕਾਂਗਰਸੀ ਆਗੂ ਬੈਂਸ ਨੂੰ ਟਿਕਟ ਦੇਣ ਦੇ ਖ਼ਿਲਾਫ਼ ਹਨ। ਇਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਬੈਂਸ ਨੂੰ ਟਿਕਟ ਦੇਣ ਦੇ ਆਪਣੇ ਫੈਸਲੇ ‘ਤੇ ਬ੍ਰੇਕ ਲਗਾ ਦਿੱਤੀ ਹੈ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਸ਼ਹਿਰ ਦੇ ਕਾਂਗਰਸੀ ਆਗੂਆਂ ਦੀ ਬਾਗੀ ਸੁਰ ਨੂੰ ਦੇਖਦਿਆਂ ਹਾਈਕਮਾਂਡ ਨੇ ਸਿਮਰਜੀਤ ਸਿੰਘ ਬੈਂਸ ਨੂੰ ਟਿਕਟ ਦੇਣ ਤੋਂ ਗੁਰੇਜ਼ ਕੀਤਾ ਹੈ। ਬੈਂਸ ਦਾ ਹੁਣ ਕਾਂਗਰਸ ਪਾਰਟੀ ਵਿੱਚ ਕੋਈ ਪ੍ਰਭਾਵ ਨਹੀਂ ਰਹੇਗਾ। ਇਸ ਤੋਂ ਪਹਿਲਾਂ ਬੈਂਸ ਦੇ ਵੀ ਭਾਜਪਾ ‘ਚ ਸ਼ਾਮਲ ਹੋਣ ਦੀ ਸੰਭਾਵਨਾ ਸੀ ਪਰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ ‘ਚ ਸ਼ਾਮਲ ਹੋ ਕੇ ਬੈਂਸ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਵਿਗਾੜ ਦਿੱਤੀਆਂ ਹਨ।

ਚਰਚਾ ਹੈ ਕਿ ਹੁਣ ਕਾਂਗਰਸ ਲੁਧਿਆਣਾ ਤੋਂ ਸਾਂਸਦ ਰਹੇ ਮਨੀਸ਼ ਤਿਵਾੜੀ ਜਾਂ ਸੰਜੇ ਤਲਵਾੜ ‘ਤੇ ਆਪਣਾ ਦਾਅ ਖੇਡ ਸਕਦੀ ਹੈ।ਕੱਲ੍ਹ ਹੋਈ ਮੀਟਿੰਗ ‘ਚ ਕਾਂਗਰਸ ਹਾਈਕਮਾਂਡ ਨੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੂੰ ਨਾਰਾਜ਼ ਕਰਦੇ ਹੋਏ ਬੈਂਸ ਤੋਂ ਦੂਰੀ ਬਣਾ ਲਈ ਹੈ। ਦੱਸ ਦੇਈਏ ਕਿ ਇਸ ਮੀਟਿੰਗ ਤੋਂ ਕਰੀਬ ਦੋ ਦਿਨ ਪਹਿਲਾਂ ਸਾਬਕਾ ਕੈਬਨਿਟ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਈਸ਼ਵਰਜੋਤ ਚੀਮਾ ਨੇ ਵਿਧਾਇਕ ਕੁਲਦੀਪ ਵੈਦ ਦੇ ਘਰ ਬੰਦ ਕਮਰਾ ਮੀਟਿੰਗ ਕੀਤੀ ਸੀ। ਇਸ ਮੀਟਿੰਗ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਆਪਣਾ ਫੈਸਲਾ ਹਾਈਕਮਾਂਡ ਨੂੰ ਸੌਂਪ ਦਿੱਤਾ ਸੀ।

ਪਤਾ ਲੱਗਾ ਹੈ ਕਿ ਮੀਟਿੰਗ ਦੌਰਾਨ ਇਨ੍ਹਾਂ ਆਗੂਆਂ ਨੇ ਹਾਈਕਮਾਂਡ ਨੂੰ ਸਪੱਸ਼ਟ ਕਿਹਾ ਕਿ ਜੇਕਰ ਉਹ ਪਾਰਟੀ ਨਾਲ ਜੁੜੇ ਕਿਸੇ ਆਗੂ ਨੂੰ ਟਿਕਟ ਦਿੰਦੇ ਹਨ ਤਾਂ ਉਹ ਉਸ ਦਾ ਸਮਰਥਨ ਕਰਨਗੇ ਪਰ ਜੇਕਰ ਪਾਰਟੀ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਦਿੰਦੀ ਹੈ ਤਾਂ ਉਹ ਉਸ ਦਾ ਸਮਰਥਨ ਨਹੀਂ ਕਰ ਸਕਦੇ।