Punjab

ਪੰਜਾਬ ‘ਚ ਖੁਲੇਗੀ CM ਦੀ ਯੋਗਸ਼ਾਲਾ’

CM's Yogashala will be opened in Punjab

‘ਦ ਖ਼ਾਲਸ ਬਿਊਰੋ : ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਂਗ ਹੁਣ ਪੰਜਾਬ ਸਰਕਾਰ ਵੀ ਸੂਬੇ ਵਿੱਚ ਯੋਗਸ਼ਾਲਾ ਸ਼ੁਰੂ ਕਰਨ ਜਾ ਰਹੀ ਹੈ। ਸੂਬਾ ਸਰਕਾਰ ਨੇ ਪੰਜਾਬ ਵਿੱਚ ਸੀ. ਐਮ. ਦੀ ਯੋਗਸ਼ਾਲਾ ਖੋਲ੍ਹਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਉਹ ਖੁਦ ਵੀ ਸਵੇਰੇ ਯੋਗਾ ਕਰਦੇ ਹਨ ਪਰ ਅੱਜਕੱਲ੍ਹ ਯੋਗਾ ਸਾਡੀ ਜ਼ਿੰਦਗੀ ਵਿੱਚੋਂ ਖ਼ਤਮ ਹੋ ਗਿਆ ਹੈ। ਯੋਗਾ ਨੂੰ ਪ੍ਰਫੁਲਿਤ ਕਰਨ ਲਈ ਇਹ ਨਵਾਂ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ।

ਮਾਨ ਨੇ ਕਿਹਾ ਕਿ ਪੰਜਾਬ ਦੇ ਚਾਰ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣ, ਫਗਵਾੜਾ ਅਤੇ ਪਟਿਆਲਾ ਵਿੱਚ ਇਹ ਯੋਗਸ਼ਾਲਾ ਖੋਲ੍ਹੀ ਜਾਵੇਗੀ। ਇਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਲੋਕ ਯੋਗਾ ਸਿੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਯੋਗਾ ਸਿਖਲਾਈ ਦਿੱਤੀ ਜਾਵੇਗੀ। ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਹਰੇਕ ਮੁਹੱਲਾ ਵਿੱਚ ਬਹੁਤ ਜਲਦ ਹੀ ਯੋਗਾ ਦੀ ਮੁਫ਼ਤ ਟ੍ਰੇਨਿੰਗ ਦੇਣੀ ਸ਼ੁਰੂ ਹੋ ਜਾਵੇਗੀ। ਮਾਨ ਨੇ ਕਿਹਾ ਕਿ ਭਾਰਤ ਦੇ ਪੁਰਾਤਣ ਲੋਕ ਯੋਗ ਆਸਣਾਂ ਨਾਲ ਤੰਦਰੁਸਤ ਰਹਿੰਦੇ ਸਨ।

 

ਦਰਅਸਲ, ਕੋਰੋਨਾ ਕਾਲ ਦੌਰਾਨ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਘਰ ਵਿੱਚ ਯੋਗ ਪਹੁੰਚਾਉਣ ਦੀ ਪਹਿਲਕਦਮੀ ਕੀਤੀ ਸੀ। ਇਸ ਲਈ ਉਨ੍ਹਾਂ ਨੇ ਯੋਗ ਇੰਸਟ੍ਰਕਟਰਾਂ ਦੀ ਨਿਯੁਕਤੀ ਕੀਤੀ ਗਈ ਸੀ। ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਜਿਸ ਸੁਸਾਇਟੀ ਵਿੱਚ ਘੱਟੋ ਘੱਟ ਲੋਕ ਇੱਕ ਕਲਾਸ ਵਿੱਚ ਯੋਗ ਕਰਨਾ ਚਾਹੁੰਦੇ ਹਨ, ਉਹ ਦਿੱਲੀ ਸਰਕਾਰ ਨੂੰ ਇਸਦੀ ਜਾਣਕਾਰੀ ਦੇਣ। ਸਰਕਾਰ ਉਨ੍ਹਾਂ ਦੀ ਸੁਸਾਇਟੀ ਵਿੱਚ ਮੁਫ਼ਤ ਯੋਗਾ ਇੰਸਟ੍ਰਕਟਰ ਭੇਜੇਗੀ। ਹਾਲਾਂਕਿ, ਬਾਅਦ ਵਿੱਚ ਇਸ ਮੁਹਿੰਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਕਿਉਂਕਿ ਯੋਗਾ ਇੰਸਟ੍ਰਕਟਰਾਂ ਨੇ ਤਨਖਾਹਾਂ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ।