Punjab

ਮੰਡੀ ‘ਚ ਵਿਕਾਊ ਨਹੀਂ ਆਪ ਦੇ MLA

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਜਨਤਾ ਪਾਰਟੀ ਦੇ ਆਪਰੇਸ਼ਨ ਲੋਟਸ ਉੱਤੇ ਤਕੜਾ ਹੱਲਾ ਬੋਲਿਆ ਹੈ। ਉਨ੍ਹਾਂ ਨੇ ਆਪਣੀ ਵੀਡੀਓ ਸੰਦੇਸ਼ ਦਾ ਆਰੰਭ ਵਿਅੰਗਾਤਮਿਕ ਤਰੀਕੇ ਨਾਲ ਕਰਦਿਆਂ ਕਿਹਾ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਦੇਸ਼ ਕਹਾਉਂਦਾ ਹੈ ਪਰ ਸਭ ਤੋਂ ਵੱਧ ਲੋਕਤੰਤਰ ਦਾ ਘਾਣ ਵੀ ਇੱਥੇ ਹੀ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਆਪਰੇਸ਼ਨ ਲੋਟਸ ਨੂੰ ਜਿਵੇਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ, ਉਸ ਉੱਤੇ ਫਖਰ ਕਰਨਾ ਬਣਦਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਗਲਤ ਫਹਿਮੀ ਵਿੱਚ ਸੀ ਕਿ ਸ਼ਾਇਦ ਦੂਜੇ ਰਾਜਾਂ ਦੀ ਤਰ੍ਹਾਂ ਪੰਜਾਬ ਦੇ ਵਿਧਾਇਕ ਵੀ ਵਿਕਾਊ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜਿਹੜਾ ਮਾਲ ਵਿਕਾਊ ਹੀ ਨਹੀਂ, ਜਾਂ ਜਿਹੜਾ ਮਾਲ ਮੰਡੀ ਵਿੱਚ ਹੀ ਨਹੀਂ, ਉਸ ਉੱਤੇ ਪੈਸਾ ਲਾਉਣ ਦਾ ਕੀ ਫਾਇਦਾ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਮਿੱਟੀ ਦੇ ਪੁੱਤ ਹਨ ਅਤੇ ਇਹ ਮਿੱਟੀ ਦੇ ਨਾਲ ਗੱਦਾਰੀ ਨਹੀਂ ਕਰਨਗੇ। ਮੁੱਖ ਮੰਤਰੀ ਜਿਹੜੇ ਕਿ ਜਰਮਨੀ ਦੇ ਇੱਕ ਹਫ਼ਤਾ ਟੂਰ ਉੱਤੇ ਹਨ, ਨੇ ਉੱਥੋਂ ਜਾਰੀ ਕੀਤੀ ਵੀਡੀਓ ਵਿੱਚ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਦੂਜੀ ਸਿਆਸੀ ਪਾਰਟੀਆਂ ਵੱਲੋਂ ਪੈਸਾ ਅਤੇ ਹੋਰ ਮਾਲ ਪਾਣੀ ਦੀ ਤਰ੍ਹਾਂ ਵਹਾਇਆ ਗਿਆ ਸੀ ਪਰ ਪੰਜਾਬੀਆਂ ਨੇ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਪਾਈਆਂ। ਮੁੱਖ ਮੰਤਰੀ ਨੇ ਸਿਕੰਦਰ ਦੇ ਹਵਾਲੇ ਨਾਲ ਕਿਹਾ ਕਿ ਉਸਨੂੰ ਵੀ ਪੰਜਾਬੀਆਂ ਨੇ ਹੀ ਡੱਕਿਆ ਸੀ। ਉਨ੍ਹਾਂ ਨੇ ਅੰਤ ਵਿੱਚ ਇਹ ਵੀ ਕਹਿ ਦਿੱਤਾ ਕਿ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਆਮ ਆਦਮੀ ਪਾਰਟੀ ਦੀ ਚੜਾਈ ਜਰੀ ਨਹੀਂ ਜਾਂਦੀ।