India Punjab

ਰਾਸ਼ਟਰਪਤੀ ਨੂੰ ਮਿਲਣ ਪਹੁੰਚੇ CM ਮਾਨ, ਰਾਘਵ ਚੱਢਾ ਵੀ ਕਰਨਗੇ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨਾਲ ਸੜਕੀ ਮਾਰਗ ਰਾਹੀਂ ਦਿੱਲੀ ਲਈ ਰਵਾਨਾ ਹੋਏ ਹਨ। ਮੁੱਖ ਮੰਤਰੀ ਮਾਨ ਰਾਸ਼ਟਰਪਤੀ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਰਾਜਿੰਦਰ ਗੁਪਤਾ, ਹਰਭਜਨ ਸਿੰਘ ਅਤੇ ਵਿਕਰਮਜੀਤ ਸਿੰਘ ਸਾਹਨੀ ਵਿਰੁੱਧ ਗੱਲਬਾਤ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਆਗੂਆਂ ਨੇ ਪੰਜਾਬ ਦੇ ਲੋਕਾਂ ਅਤੇ ਪਾਰਟੀ ਨਾਲ ਗੱਦਾਰੀ ਕੀਤੀ ਹੈ।

ਰਾਸ਼ਟਰਪਤੀ ਵੱਲੋਂ ਭਗਵੰਤ ਸਿੰਘ ਮਾਨ ਨੂੰ ਅੱਜ 5 ਮਈ ਨੂੰ ਦੁਪਹਿਰ 12 ਵਜੇ ਮੁਲਾਕਾਤ ਲਈ ਸਮਾਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਘਵ ਚੱਢਾ ਸਮੇਤ ਤਿੰਨ ਰਾਜ ਸਭਾ ਮੈਂਬਰਾਂ ਨਾਲ ਮੁਲਾਕਾਤ ਕਰਨਗੀਆਂ, ਜਿਸ ਨੂੰ ਲੈ ਕੇ ਰਾਜਨੀਤਿਕ ਚਰਚਾਵਾਂ ਤੇਜ਼ ਹੋ ਗਈਆਂ ਹਨ।

ਮੁਲਾਕਾਤ ਦੌਰਾਨ ਮੁੱਖ ਮੰਤਰੀ ਆਪ ਛੱਡਣ ਵਾਲੇ ਆਗੂਆਂ ਵਿਰੁੱਧ ਰਾਜਨੀਤਿਕ ਬਦਲਾਖੋਰੀ ਤਹਿਤ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ, ਸੰਸਦ ਮੈਂਬਰ ਰਾਜਿੰਦਰ ਗੁਪਤਾ ਦੀ ਟ੍ਰਾਈਡੈਂਟ ਫੈਕਟਰੀ ਉੱਤੇ ਛਾਪੇਮਾਰੀ ਅਤੇ ਸੰਦੀਪ ਪਾਠਕ ਵਿਰੁੱਧ ਐਫਆਈਆਰ ਦਰਜ ਕਰਨ ਦੇ ਮੁੱਦੇ ਉਠਾਉਣਗੇ। ਇਸ ਨਾਲ ਪਾਰਟੀ ਅੰਦਰ ਖਾਸ ਕਰ ਰਾਜ ਸਭਾ ਮੈਂਬਰਾਂ ਦੀ ਭਾਜਪਾ ਵੱਲ ਤਬਦੀਲੀ ਨੂੰ ਲੈ ਕੇ ਤਣਾਅ ਵਧਿਆ ਹੋਇਆ ਹੈ।

ਦੂਜੇ ਪਾਸੇ ਸੰਦੀਪ ਪਾਠਕ ਨੇ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਇਸ ਬਾਰੇ ਚਰਚਾ ਕਰਨਗੇ। ਉਨ੍ਹਾਂ ਨੂੰ ਅਜੇ ਤੱਕ ਐਫਆਈਆਰ ਦੀ ਕਾਪੀ ਨਹੀਂ ਮਿਲੀ ਅਤੇ ਉਹ ਇਸ ਜਾਅਲੀ ਐਫਆਈਆਰ ਤੋਂ ਡਰਨ ਵਾਲੇ ਨਹੀਂ ਹਨ।

ਦੱਸ ਦਈਏ ਕਿ  ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਇਸ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਚੇਅਰਮੈਨ ਨੂੰ ਲਿਖਤੀ ਪੱਤਰ ਵੀ ਲਿਖਿਆ ਗਿਆ ਸੀ ਪਰ ਇਸ ਦੇ ਬਾਵਜੂਦ ਰਾਜ ਸਭਾ ਦੇ ਚੇਅਰਮੈਨ ਨੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਬਾਰੇ ਪੱਤਰ ਜਾਰੀ ਕਰ ਦਿੱਤਾ ਹੈ।