ਸ਼੍ਰੀ ਅਨੰਦਪੁਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਵਿਰਾਸਤ ਏ ਖਾਲਸਾ ਪਹੁੰਚੇ ਸਨ,ਜਿੱਥੇ ਉਹਨਾਂ ‘ਅਧਿਆਪਕ ਦਿਵਸ’ ‘ਤੇ ਅਧਿਆਪਕਾਂ ਨੂੰ ਸਨਮਾਨਤ ਕੀਤਾ।
ਤਿੰਨ ਸ਼੍ਰੇਣੀਆਂ ਤਹਿਤ ਸਨਮਾਨਿਤ ਕੀਤੇ ਜਾਣ ਵਾਲੇ 74 ਅਧਿਆਪਕਾਂ ਦੀ ਸੂਚੀ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਪ੍ਰਵਾਨਿਤ ਸੂਚੀ ਅਨੁਸਾਰ ‘ਅਧਿਆਪਕ ਰਾਜ ਅਵਾਰਡ’ 55 ਅਧਿਆਪਕਾਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ, ਜਦਕਿ ‘ਯੰਗ ਟੀਚਰ ਐਵਾਰਡ’ 10 ਅਧਿਆਪਕਾਂ ਨੂੰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ 9 ਅਧਿਆਪਕਾਂ ਨੂੰ ‘ਪ੍ਰਸ਼ਾਸਕੀ ਪੁਰਸਕਾਰਾਂ’ ਲਈ ਚੁਣਿਆ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਜਿੰਨੇ ਵੀ ਅਧਿਆਪਕਾਂ ਨੂੰ ਸਨਮਾਨ ਮਿਲਿਆ ਹੈ, ਸਾਰੇ ਕਾਬਲ ਸੀ, ਕੋਈ ਵੀ ਸਿਫ਼ਾਰਿਸ਼ੀ ਸਨਮਾਨ ਲਈ ਨਹੀਂ ਚੁਣਿਆ ਗਿਆ। ਅਧਿਆਪਕ ਦਾ ਰਾਹ ਹੀ ਇਮਾਨਦਾਰੀ ਵਾਲਾ ਹੈ। ਬੱਚਿਆਂ ਨੂੰ ਵੀ ਆਪਾਂ ਇਮਾਨਦਾਰੀ ਦਾ ਪਾਠ ਪੜ੍ਹਾਉਣਾ ਹੈ ।
ਇਸ ਦੌਰਾਨ ਮੁੱਖ ਮੰਤਰੀ ਮਾਨ ਨਾਲ ਰਾਜ ਸਭਾ ਮੈਂਬਰ ਹਰਭਜਨ ਸਿੰਘ,ਰਾਘਵ ਚੱਢਾ,ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ,ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ,ਕੈਬਨਿਟ ਮੰਤਰੀ ,ਮੁੱਖ ਸਕੱਤਰ ਵੀ ਕੇ ਜੰਜੂਆ ਤੇ ਹੋਰ ਅਫਸਰ ਹਾਜ਼ਰ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਇਨਾਮ ਹਾਸਲ ਕਰਨ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।ਇਹਨਾਂ ਹੋਰ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਖਾਲੀ ਪਏ ਸਕੂਲਾਂ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ ਪਰ ਅਧਿਆਪਕਾਂ ਨੂੰ ਵੀ ਉਹਨਾਂ ਬੇਨਤੀ ਕੀਤੀ ਕਿ ਨੌਕਰੀ ਮਿਲਣ ਤੋਂ ਬਾਅਦ ਸ਼ਹਿਰ ਵੱਲ ਨਾ ਭੱਜਣ, ਪਿੰਡਾਂ ਵਾਲੇ ਸਕੂਲਾਂ ਤੇ ਬੱਚਿਆਂ ਦਾ ਖਿਆਲ ਕਰਨ। ਪੰਜਾਬ ਦੇ ਭਵਿੱਖ ਲਈ ਸਭ ਦੀ ਜ਼ਿੰਮੇਵਾਰੀ ਸਾਂਝੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਡੇ ਲਈ ਸਕੂਲ ਵਿੱਦਿਆ ਦਾ ਮੰਦਰ ਹੋਣੇ ਚਾਹੀਦੇ ਨੇ, ਅਸੀਂ ਇਕੱਲੇ ਸਕੂਲ ਨਹੀਂ ਬਣਾਉਣੇ, ਉਹਨਾਂ ਦੇ ਆਲੇ-ਦੁਆਲੇ ਵਧੀਆ ਮਾਹੌਲ ਵੀ ਦੇਣਾ ਹੈ। ਤਾਂ ਜੋ ਸਾਡੇ ਬੱਚੇ ਗਲਤ ਸੰਗਤ ਦਾ ਸ਼ਿਕਾਰ ਨਾ ਹੋਣ। ਸਿਰਫ਼ ਪੜਾਈ ਵੱਲ ਹੀ ਧਿਆਨ ਦੇਣ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਚੋਣਾਂ ਵੇਲੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਦਿੱਤੀ ਗਾਰੰਟੀ ਦੀ ਸ਼ੁਰੂਆਤ ਸਰਕਾਰ ਕਰ ਚੁੱਕੀ ਹੈ ਤੇ ਅੱਜ ਅਧਿਆਪਕ ਦਿਵਸ ‘ਤੇ 8736 ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਹੈ। ਇਸ ਸਬੰਧ ਵਿੱਚ ਕੈਬਨਿਟ ਦੀ ਮਨਜ਼ੂਰੀ ਵੀ ਲੈ ਲਈ ਗਈ ਹੈ ਤੇ ਆਉਣ ਵਾਲੇ ਸਮੇਂ ‘ਚ ਬਾਕੀ ਮੁਲਾਜ਼ਮਾਂ ਨੂੰ ਵੀ ਪੱਕੇ ਕੀਤਾ ਜਾਵੇਗਾ।
ਮੁੱਖ ਮੰਤਰੀ ਮਾਨ ਤੋਂ ਇਲਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਵੀ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕੀਤਾ।ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਐਰੋਸਿਟੀ, ਮੁਹਾਲੀ ਵਿਖੇ ਇਨੋਵੇਸ਼ਨ ਮਿਸ਼ਨ ਪੰਜਾਬ ਦੇ ਐਕਸਲੇਟਰ ਲਾਂਚ ਦਾ ਉਦਘਾਟਨ ਕੀਤਾ ਸੀ।