Punjab

ਮੋਗਾ ਵਿੱਚ ਕਿਹੜੇ ਕਿਸਾਨ ਆਗੂ ਨੇ ਖੋਲਿਆ ਮੋਰਚਾ?ਦੇਖੋ ਪੂਰੀ ਖਬਰ

ਮੋਗਾ : ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਪਾ ਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਉਹ ਵੀ ਕਿਸਾਨ ਜਥੇਬੰਦੀ ਦਾ ਸਾਥ ਦੇਣ। ਜਾਰੀ ਕੀਤੀ ਗਈ ਵੀਡੀਓ ਵਿੱਚ ਉਹਨਾਂ ਪੰਜਾਬ ਪੁਲਿਸ ਦੇ ਉਤੇ ਛੇੜਛਾੜ ਤੇ ਬਲਾਤਕਾਰ ਦੀ ਕੌਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਨੂੰ ਬਚਾਉਣ ਤੇ ਉਲਟਾ ਪੀੜਤ ਪਰਿਵਾਰ ਨੂੰ ਹੀ ਝੂੱਠੇ ਕੇਸ ਵਿੱਚ ਫਸਾਏ ਜਾਣ ਦਾ ਇਲਜ਼ਾਮ ਲਗਾਇਆ ਹੈ।ਇਸ ਤੋਂ ਇਲਾਵਾ ਕਿਸਾਨਾਂ ਦੇ ਨਾਲ ਮੱਛੀ ਪਾਲਣ ਨੂੰ ਲੈ ਕੇ ਹੋਏ ਧੋਖੇ ਤੇ ਉਹਨਾਂ ਨੂੰ ਪਾਵਰਕਾਮ ਵਲੋਂ ਖੱਜਲ ਕੀਤੇ ਜਾਣ ਦੀ ਗੱਲ ਕੀਤੀ ਹੈ।

ਉਹਨਾਂ ਦੱਸਿਆ ਕਿ ਛੇੜਛਾੜ ਮਾਮਲੇ ਵਿੱਚ ਘਟਨਾ ਦਾ ਸ਼ਿਕਾਰ ਹੋਈ ਪੀੜਤ ਮੋਗੇ ਸ਼ਹਿਰ ਦੀ ਇੱਕ ਬਸਤੀ ਦੀ ਵਸਨੀਕ ਹੈ ਤੇ ਇਸੇ ਹੀ ਪਿੰਡ ਦੇ ਇੱਕ ਵਸਨੀਕ ਬਲਕਰਨ ਸਿੰਘ ਨੇ ਕਥਿਤ ਤੋਰ ਉਸ ਨਾਲ ਰਾਹ ਜਾਂਦਿਆਂ ਤੇ ਫਿਰ ਉਸ ਦੇ ਘਰ ਜਾ ਕੇ ਉਸ ਨਾਲ ਛੇੜਖਾਨੀ ਦੀ ਕੋਸ਼ਿਸ਼ ਕੀਤੀ।ਜਿਸਦਾ ਸਬੂਤ ਸੀਸੀਟੀਵੀ ਵਿੱਚ ਹੈ ਤੇ ਇਹ ਪੁਲਿਸ ਨੂੰ ਦਿੱਤੀ ਵੀ ਗਈ ਹੈ ਪਰ ਪੁਲਿਸ ਨੇ ਉਸ ਤੇ ਕਾਰਵਾਈ ਕਰਨ ਦੀ ਬਜਾਇ ਉਲਟਾ ਮਹਿਲਾ ਦੇ ਪਤੀ ‘ਤੇ ਹੀ ਰਾਜੀਨਾਮੇ ਦਾ ਦਬਾਅ ਪਾਇਆ ਤੇ ਜੱਦ ਉਹ ਨਹੀਂ ਮੰਨੇ ਤਾਂ ਉਲਟਾ ਉਹਨਾਂ ਤੇ ਹੀ ਕੇਸ ਪਾ ਦਿੱਤਾ।

ਜਗਜੀਤ ਸਿੰਘ ਡਲੇਵਾਲ ਨੇ ਇਹ ਵੀ ਦੱਸਿਆ ਕਿ ਰਾਜੀਨਾਮਾ ਨਾਂ ਹੁੰਦਾ ਦੇਖ ਕੇ ਪੁਲਿਸ ਨੇ ਉਲਟਾ ਪੀੜਤ ‘ਤੇ ਹੀ ਐਸਸੀ ਐਕਟ ਦੇ ਤਹਿਤ ਕੇਸ ਦਰਜ ਕਰ ਦਿੱਤਾ।ਕਿਸਾਨ ਜਥੇਬੰਦੀ ਤੇ ਆਮ ਲੋਕਾਂ ਨੇ ਧਰਨਾ ਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ,ਜਿਸ ਤੋਂ ਬਾਅਦ ਕੇਸ ਲਈ ਐਸਆਈਟੀ ਬਣਾ ਦਿੱਤੀ ਗਈ ਹੈ,ਜੋ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ । ਕਿਸਾਨ ਆਗੂ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਕਿਸਾਨ ਆਗੂ ਡੱਲੇਵਾਲ ਨੇ ਇੱਕ ਹੋਰ ਮਾਮਲੇ ‘ਤੇ ਬੋਲਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੱਛੀ ਪਾਲਣ ਸਕੀਮ ਦੇ ਤਹਿਤ ਕਿਸਾਨਾਂ ਨੂੰ ਪਹਿਲਾਂ ਤਾਂ ਗਲਤ ਤਰੀਕੇ ਨਾਲ ਕਨੈਕਸ਼ਨ ਦਿੱਤੇ ਗਏ ਤੇ ਮੱਛੀ ਜੀ ਜਗਾ ਤੇ ਝੀਂਗਾ ਪਾਇਆ ਗਿਆ,ਜਿਸ ਦੇ ਰਖ ਰਖਾਅ ਤੇ ਵਾਧੂ ਖਰਚਾ ਆਇਆ ਤੇ ਲੋਡ ਵੀ ਵੱਧ ਗਿਆ ਪਰ ਪਾਵਰਕਾਮ ਨੇ ਆਪਣੇ ਅਧਿਕਾਰੀਆਂ ਨੂੰ ਬਚਾਉਣ ਲਈ ਵੱਧ ਲੋਡ ਵਾਲੇ ਕਿਸਾਨਾਂ ਦੇ ਬਿਜਲੀ ਮੀਟਰ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ।

ਕਿਸਾਨ ਆਗੂ ਡੱਲੇਵਾਲ ਨੇ ਕਿਹਾ ਹੈ ਕਿ ਜੇਕਰ ਇਹਨਾਂ ਦੋਹਾਂ ਮਾਮਲਿਆਂ ਵਿੱਚ ਇਨਸਾਫ਼ ਨਾ ਹੋਇਆ ਤਾਂ ਅਗਲੀ ਕਾਰਵਾਈ ਦੇ ਰੂਪ ਵਿੱਚ ਸੜਕਾਂ ਤੇ ਉਤਰ ਕੇ ਸੰਘਰਸ਼ ਕੀਤਾ ਜਾਵੇਗਾ ਤੇ ਇਸ ਦਾ ਜਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਵੇਗੀ।