ਚੰਡੀਗੜ੍ਹ : ਬੀਤੇ ਦਿਨੀ ਅਜਨਾਲਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਘਟਨਾ ਸਬੰਧੀ ਟਵੀਟ ਕਰਕੇ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਪੰਜਾਬ ਦੇ ਵਾਰਿਸ ਅਖਵਾਉਣ ਦੇ ਕਾਬਿਲ ਨਹੀਂ ਹਨ। ਟਵੀਟ ਕਰਦੇ ਹੋਏ CM ਮਾਨ ਨੇ ਕਿਹਾ ਕਿ, ‘ਸ਼ਬਦ ਗੁਰੂ ਸ਼ੀੑ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣਿਆਂ ਤੱਕ ਲੈ ਕੇ ਜਾਣ ਵਾਲੇ ਕਿਸੇ ਵੀ ਪੱਖ ਤੋਂ ਪੰਜਾਬ ਅਤੇ ਪੰਜਾਬੀਅਤ ਦੇ “ ਵਾਰਿਸ ” ਅਖਵਾਉਣ ਦੇ ਕਾਬਿਲ ਨਹੀਂ ਹੋ ਸਕਦੇ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਾਲ ਲੈ ਕੇ ਆਏ ਸਨ। ਜਿਸ ਦੀ ਕਈ ਸਿੱਖ ਜਥੇਬੰਦੀਆਂ ਵੱਲੋਂ ਵੀ ਅਲੋਚਨਾ ਕੀਤੀ ਗਈ ਸੀ। ਹੁਣ ਭਗਵੰਤ ਮਾਨ ਨੇ ਵੀ ਇਸ ਉਤੇ ਸਵਾਲ ਚੁੱਕੇ ਹਨ।
ਸ਼ਬਦ ਗੁਰੂ ਸ਼ੀੑ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣਿਆਂ ਤੱਕ ਲੈ ਕੇ ਜਾਣ ਵਾਲੇ ਕਿਸੇ ਵੀ ਪੱਖ ਤੋਂ ਪੰਜਾਬ ਅਤੇ ਪੰਜਾਬੀਅਤ ਦੇ “ ਵਾਰਿਸ ” ਅਖਵਾਉਣ ਦੇ ਕਾਬਿਲ ਨਹੀਂ ਹੋ ਸਕਦੇ..
— Bhagwant Mann (@BhagwantMann) February 25, 2023
ਸਿਆਸੀ ਆਗੂਆਂ ਦੇ ਨਾਲ ਧਾਰਮਿਕ ਜਥੇਬੰਦੀਆਂ ਨੇ ਵੀ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ‘ਤੇ ਵੱਡੇ ਸਵਾਲ ਚੁੱਕੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਅੱਗੇ ਰਹਿਣ ਵਾਲੀ ਸੰਸਥਾ ‘ਸਤਿਕਾਰ ਕਮੇਟੀ’ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਸ ਕਦਮ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ । ਕਮੇਟੀ ਨੇ ਇਸ ਮਸਲੇ ‘ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਚੁੱਪ ਨੂੰ ਲੈਕੇ ਵੀ ਸਵਾਲ ਚੁੱਕੇ ਹਨ । ਉਧਰ ਅਕਾਲੀ ਦਲ,ਕਾਂਗਰਸ,ਬੀਜੇਪੀ ਅਤੇ ਆਮ ਆਦਮੀ ਪਾਰਟੀ ਨੇ ਵੀ ਅਜਨਾਲਾ ਵਿੱਚ ਹੋਈ ਘਟਨਾ ਨੂੰ ਬੇਅਦਬੀ ਦਾ ਨਾਂ ਦਿੱਤਾ ਸੀ।
ਮਜੀਠੀਆ ਨੇ ਘੇਰਿਆ
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਅਜਨਾਲਾ ਪਾਕਿਸਤਾਨ ਤੋਂ ਸਿਰਫ਼ 10 ਕਿਲੋਮੀਟਰ ਦੀ ਦੂਰੀ ‘ਤੇ ਹੈ ਜਿਸ ਤਰ੍ਹਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਥਾਣੇ ਵਿੱਚ ਕੀਤਾ ਉਹ ਵੱਡਾ ਅਲਰਟ ਹੈ । ਉਨ੍ਹਾਂ ਨੇ ਕਿਹਾ ਸੀ ਕਿ ਅਦਾਲਤ ਨੇ ਤੈਅ ਕਰਨਾ ਹੈ ਕਿ ਕੋਈ ਗੁਨਾਹਗਾਰ ਹੈ ਜਾਂ ਬੇਗੁਨਾਹ ਜੇਕਰ ਇਸੇ ਤਰ੍ਹਾਂ ਹੀ ਥਾਣਿਆਂ ‘ਤੇ ਕਬਜ਼ਾ ਕਰਕੇ ਬੰਦਿਆਂ ਨੂੰ ਛਡਾਇਆ ਗਿਆ ਤਾਂ ਮਾਹੌਲ ਹੋਰ ਖਰਾਬ ਹੋ ਜਾਵੇਗਾ । ਉਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਨੂੰ ਲੈਕੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਅਜਿਹਾ ਕਰਕੇ ਬੇਅਦਬੀ ਕੀਤੀ ਹੈ ।
ਬਿੱਟੂ ਨੇ ਅੰਮ੍ਰਿਤਪਾਲ ਸਿੰਘ ‘ਤੇ ਸਵਾਲ ਚੁੱਕੇ
ਕਾਂਗਰਸ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਭਾਈ ਅੰਮ੍ਰਿਤਪਾਲ ਸਿੰਘ ‘ਤੇ ਸਵਾਲ ਚੁੱਕੇ ਅਤੇ ਕਿਹਾ ਸੀ ਕਿ ਜਿਸ ਤਰ੍ਹਾਂ ਅਜਨਾਲਾ ਵਿੱਚ ਉਸ ਨੇ ਹਿੰਸਕ ਪ੍ਰਦਰਸ਼ਨ ਕਰਕੇ ਆਪਣੇ ਸਾਥੀਆਂ ਨੂੰ ਛਡਾਉਣ ਦਾ ਕੰਮ ਕੀਤਾ ਹੈ ਉਸੇ ਤਰ੍ਹਾਂ ਉਹ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਕੇ ਉਸ ਨੂੰ ਹਿੰਸਕ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਕਮਜ਼ੋਰੀ ਹੈ ਕਿ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ ਸਾਹਮਣੇ ਸਰੰਡਰ ਕਰ ਦਿੱਤਾ। ਬਿੱਟੂ ਨੇ ਕਿਹਾ ਜੇਕਰ ਅਜਿਹਾ ਹੀ ਮਾਹੌਲ ਰਿਹਾ ਤਾਂ ਆਉਣ ਵਾਲੇ ਦਿਨ ਪੰਜਾਬ ਦੇ ਲਈ ਬਹੁਤ ਹੀ ਭਿਆਨਕ ਸਾਬਿਤ ਹੋ ਸਕਦੇ ਹਨ ।
ਵੀਰਵਾਰ ਨੂੰ ਵੀਰਵਾਰ ਨੂੰ ਅਜਨਾਲਾ ਵਿੱਚ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸਿੱਖ ਨੌਜਵਾਨ ਤੂਫਾਨ ਸਿੰਘ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਵਿੱਚ ਥਾਣੇ ਦੇ ਬਾਹਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ । ਮੌਕਾ ਵੇਖ ਕੇ ਪੁਲਿਸ ਨੇ ਹਮਾਇਤੀਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ । ਜਿਸ ਤੋਂ ਬਾਅਦ ਮਾਹੌਲ ਤਣਾਅ ਪੂਰਨ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਬੈਰੀਕੇਡ ਤੋੜ ਦੇ ਹੋਏ ਭੀੜ ਥਾਣੇ ਦੇ ਅੰਦਰ ਵੜ ਗਈ ।
ਪੁਲਿਸ ਨੇ 17 ਫਰਵਰੀ ਨੂੰ ਵਰਿੰਦਰ ਸਿੰਘ ਨਾਮਕ ਨੌਜਵਾਨ ਦੇ ਬਿਆਨਾਂ ’ਤੇ ਅੰਮ੍ਰਿਤਪਾਲ ਸਿੰਘ, ਉਸ ਦੇ ਛੇ ਸਾਥੀਆਂ ਅਤੇ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਅਜਨਾਲਾ ਵਿੱਚ ਕੇਸ ਦਰਜ ਕੀਤਾ ਸੀ। ਵਰਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਅਗਵਾ ਕੀਤਾ, ਉਸ ਦੀ ਕੁੱਟਮਾਰ ਕੀਤੀ ਅਤੇ ਕਕਾਰਾਂ ਦੀ ਬੇਅਦਬੀ ਕੀਤੀ। ਉਸ ਦਾ ਪੈਸਾ ਵੀ ਲੁੱਟ ਲਿਆ। ਇਸ ਮਾਮਲੇ ਵਿੱਚ ਪੁਲਿਸ ਨੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਵੀਰਵਾਰ ਨੂੰ ਅੰਮ੍ਰਿਤਪਾਲ ਨੇ ਪੰਜਾਬ ਭਰ ਤੋਂ ਆਪਣੇ ਸਮਰਥਕਾਂ ਨੂੰ ਅਜਨਾਲਾ ਥਾਣੇ ਪਹੁੰਚਣ ਦਾ ਸੱਦਾ ਦਿੱਤਾ ਸੀ।