ਬਿਉਰੋ ਰਿਪੋਰਟ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇੱਕ ਵੀਡੀਓ ਨੂੰ ਲੈਕੇ ਵਿਵਾਦ ਖੜਾ ਹੋ ਗਿਆ ਹੈ। ਸੀਐੱਮ ਹਰਿਆਣਾ ਵਿੱਚ ਕਿਸੇ ਥਾਂ ‘ਤੇ ਗਏ ਸਨ ਜਿੱਥੇ ਗੁਰਮਰਿਆਦਾ ਮੁਤਾਬਿਕ ਅਰਦਾਸ ਹੋ ਰਹੀ ਸੀ । ਸਾਰਿਆਂ ਨੇ ਸਿਰ ਡੱਕੇ ਸਨ ਪਰ ਮੁੱਖ ਮੰਤਰੀ ਮਨੋਹਰ ਲਾਲ ਦਾ ਸਿਰ ਨੰਗਾ ਸੀ । ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ‘ਤੇ ਸਵਾਲ ਚੁੱਕੇ ਹਨ । ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਬੀਜੇਪੀ ਦੇ ਆਗੂ ਸਿੱਖ ਧਰਮ ਦਾ ਸਤਿਕਾਰ ਨਹੀਂ ਕਰਦੇ ਹਨ । ਉਧਰ ਅਕਾਲੀ ਦਲ ਵੀ ਮਨੋਹਰ ਲਾਲ ਖੱਟਰ ‘ਤੇ ਹਮਲਾਵਰ ਹੋ ਗਿਆ ਹੈ । ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜਦੋਂ ਤੋਂ ਹਰਿਆਣਾ ਸਰਕਾਰ ਨੇ ਇਤਿਹਾਸਕ ਗੁਰੂ ਘਰਾਂ ‘ਤੇ ਕਬਜ਼ੇ ਕੀਤੇ ਹਨ ਉਹ ਮਰਿਆਦਾ ਭੁੱਲ ਗਏ ਹਨ । ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਇੱਕ ਕਦਮ ਅੱਗੇ ਵੱਧ ਦੇ ਹੋਏ ਕਿਹਾ ਕਿ ਜਦੋਂ ਤੱਕ ਮਨੋਹਰ ਲਾਲ ਖੱਟਰ ਸਿੱਖ ਪੰਥ ਤੋਂ ਮੁਆਫੀ ਨਹੀਂ ਮੰਗ ਦੇ ਹਨ ਤਾਂ ਤੱਕ ਉਨ੍ਹਾਂ ਨੂੰ ਗੁਰੂ ਘਰ ਵਿੱਚ ਨਾ ਆਉਣ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਸਨਮਾਨ ਨਾ ਕੀਤਾ ਜਾਵੇ। ਉਧਰ ਪੰਜਾਬ ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੀ ਮੁੱਖ ਮੰਤਰੀ ਖੱਟਰ ਦੀ ਇਸ ਗਲਤੀ ਨੂੰ ਮੰਨਿਆ ਹੈ ਉਨ੍ਹਾਂ ਨੇ ਕਿਹਾ ਕਿ ਉਹ ਇਸ ਦੇ ਲਈ ਮੁਆਫੀ ਮੰਗ ਦੇ ਹਨ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਉਧਰ ਹਰਿਆਣਾ ਦੇ ਆਗੂ ਖੱਟਰ ਦੇ ਬਚਾਅ ਵਿੱਚ ਉਤਰ ਗਏ ।
ਹਰਿਆਣਾ ਬੀਜੇਪੀ ਨੇ ਕੀਤਾ ਬਚਾਅ
ਹਰਿਆਣਾ ਬੀਜੇਪੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬਚਾਅ ਕਰਦੀ ਹੋਈ ਨਜ਼ਰ ਆਈ । ਬੀਜੇਪੀ ਦੇ ਬੁਲਾਰੇ ਰਮਨ ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਿੱਖ ਪੰਥ ਦਾ ਹਮੇਸ਼ਾ ਸਤਿਕਾਰ ਕਰਦੇ ਰਹੇ ਹਨ। ਹੋ ਸਕਦਾ ਹੈ ਕਿ ਉਹ ਭੁੱਲ ਹੋਣ, ਜਿਹੜਾ ਗ੍ਰੰਥੀ ਅਰਦਾਸ ਕਰ ਰਿਹਾ ਸੀ ਉਸ ਨੂੰ ਵੀ ਮੁੱਖ ਮੰਤਰੀ ਨੂੰ ਯਾਦ ਦਿਵਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਜਿਸ ਥਾਂ ‘ਤੇ ਅਰਦਾਸ ਹੋ ਰਹੀ ਸੀ ਉਹ ਗੁਰੂ ਘਰ ਨਹੀਂ ਸੀ ਬਲਕਿ ਕਿਸੇ ਥਾਂ ‘ਤੇ ਕੋਈ ਪ੍ਰੋਗਰਾਮ ਹੋ ਰਿਹਾ ਸੀ । ਉਨ੍ਹਾਂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਇਸ ‘ਤੇ ਸਿਆਸਨ ਨਾ ਕਰਨ ਦੀ ਨਸੀਹਤ ਦਿੱਤੀ ਹੈ ।