‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਵਿਖੇ ਲੋਕਮਤ ਅਖਬਾਰ ਦੀ ਗੋਲਡਨ ਜੁਬਲੀ ਸਮਾਗਮ ਵਿੱਚ ਪਹੁੰਚੇ। ਉਨ੍ਹਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮ ਗਿਣਵਾਏ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਆਉਂਦਿਆਂ ਹੀ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਇੱਕ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ। ਹੁਣ ਸਾਰੇ ਦਫ਼ਤਰਾਂ ਨੇ ਆਪਣੇ ਗੇਟ ਉੱਤੇ ਲਿਖਿਆ ਹੋਇਆ ਹੈ ਕਿ ਰਿਸ਼ਵਤ ਲੈਣਾ ਪਾਪ ਹੈ। ਅਸੀਂ ਹਾਲੇ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਉੱਤੇ ਕਾਬੂ ਨਹੀਂ ਪਾਇਆ ਕਿਉਂਕਿ 70 ਸਾਲ ਤੋਂ ਤਾਣਾ-ਬਾਣਾ ਉਲਝਿਆ ਹੈ। ਹੌਲੀ ਹੌਲੀ ਭ੍ਰਿਸ਼ਟਾਚਾਰ ਨੂੰ ਕਾਬੂ ਕਰ ਲਿਆ ਜਾਵੇਗਾ।
ਸੀਐੱਮ ਮਾਨ ਨੇ ਕਿਹਾ ਕਿ ਸਾਡੇ ਇੱਕ ਵਿਧਾਇਕ ਇੱਕ ਪੈਨਸ਼ਨ ਵਾਲੇ ਫੈਸਲੇ ਦੀ ਵੀ ਲੋਕਾਂ ਨੇ ਖੂਬ ਸ਼ਲਾਘਾ ਕੀਤੀ ਹੈ। ਮਾਨ ਨੇ ਨਸ਼ਿਆਂ ਪਿੱਛੇ ਬੇਰੁਜ਼ਗਾਰੀ ਦਾ ਕਾਰਨ ਦੱਸਿਆ ਹੈ। ਮਾਨ ਨੇ ਕਿਹਾ ਕਿ ਅਸੀਂ ਨੌਜਵਾਨਾਂ ਦੇ ਹੱਥਾਂ ਵਿੱਚ ਟਿਫ਼ਨ ਦੇਵਾਂਗੇ, ਟੀਕੇ ਨਹੀਂ ਦੇਵਾਂਗੇ। ਨੌਜਵਾਨ ਕੰਮ ਉੱਤੇ ਜਾਣਗੇ। ਕਈ ਬਿਮਾਰੀਆਂ ਦੀ ਜੜ੍ਹ ਬੇਰੁਜ਼ਗਾਰੀ ਹੈ। ਅਸੀਂ 26 ਹਜ਼ਾਰ 454 ਨੌਕਰੀਆਂ ਦਾ ਇਸ਼ਤਿਹਾਰ ਕੱਢਿਆ ਹੈ। ਸਾਰਿਆਂ ਨੂੰ ਡਿਗਰੀ ਮੁਤਾਬਕ ਨੌਕਰੀ ਮਿਲੇਗੀ। ਮਾਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਤਾਂ ਬੇਗਾਨਿਆਂ ਨੇ ਕੀ, ਆਪਣੇ ਹੀ ਲੁੱਟ ਰਹੇ ਹਨ। ਮਾਨ ਨੇ ਦੇਸ਼ ਨੂੰ ਬਿਹਤਰ ਬਣਾਉਣ ਦਾ ਦਾਅਵਾ ਕੀਤਾ।