ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਐਲਾਨੇ ਨਤੀਜੇ ਵਿੱਚ ਧੀਆਂ ਨੇ ਹੀ ਬਾਜ਼ੀ ਮਾਰੀ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਹਿਮ ਐਲਾਨ ਕੀਤਾ ਗਿਆ ਹੈ। 10ਵੀਂ ਦੀ ਪ੍ਰੀਖਿਆ ਦੇ ਨਤੀਜੇ ਵਿੱਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ 51 ਹਜ਼ਾਰ ਰੁਪਏ ਦੇ ਨਕਦ ਪੁਰਸਕਾਰ ਨਾਲ ਸਨਮਾਨਿਤ ਕਰੇਗੀ।
ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ ਅੱਜ ਐਲਾਨੇ ਗਏ ਜਿਸ ਵਿਚ ਸਾਡੀਆਂ ਧੀਆਂ ਨੇ ਇਕ ਵਾਰ ਫਿਰ ਬਾਜ਼ੀ ਮਾਰੀ ਹੈ। ਪਹਿਲੇ ਤੇ ਦੂਜੇ ਸਥਾਨ ‘ਤੇ ਫ਼ਰੀਦਕੋਟ ਜ਼ਿਲ੍ਹਾ ਤੇ ਤੀਜੇ ਸਥਾਨ ‘ਤੇ ਮਾਨਸਾ ਜ਼ਿਲ੍ਹਾ ਰਿਹਾ ਹੈ। ਮਾਨ ਨੇ ਪਾਸ ਹੋਏ ਸਾਰੇ ਬੱਚਿਆਂ ਤੇ ਮਾਪੇ-ਅਧਿਆਪਕਾਂ ਨੂੰ ਵੀ ਵਧਾਈਆਂ ਦਿੱਤੀਆਂ ਹਨ । ਮਾਨ ਨੇ ਕਿਹਾ ਕਿ ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ ਮੇਰੇ ਵੱਲੋਂ ਵਧਾਈ ਤੇ ਸ਼ੁੱਭਕਾਮਨਾਵਾ, ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਪ੍ਰੀਖਿਆ ਪਾਸ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਅੱਜ PSEB ਦੇ ਦਸਵੀਂ ਦੇ ਨਤੀਜੇ ਐਲਾਨੇ ਗਏ..ਸਾਡੀਆਂ ਧੀਆਂ ਨੇ ਮੁੜ ਤੋਂ ਬਾਜ਼ੀ ਮਾਰੀ ਹੈ…ਪਹਿਲੇ ਤੇ ਦੂਜੇ ਸਥਾਨ ‘ਤੇ ਫ਼ਰੀਦਕੋਟ ਜ਼ਿਲ੍ਹਾ ਤੇ ਤੀਜੇ ਸਥਾਨ ‘ਤੇ ਮਾਨਸਾ ਜ਼ਿਲ੍ਹਾ ਰਿਹਾ ਹੈ…ਪਾਸ ਹੋਏ ਸਾਰੇ ਬੱਚਿਆਂ ਤੇ ਮਾਪੇ-ਅਧਿਆਪਕਾਂ ਨੂੰ ਵੀ ਵਧਾਈਆਂ…
ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ… pic.twitter.com/WdQ5Pmz843— Bhagwant Mann (@BhagwantMann) May 26, 2023
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿਧਾਇਕ ਗੁਰਦਿੱਤ ਸਿੰਧ ਸੇਖੋਂ ਨੇ ਵੀ ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਪਾਸ ਹੋਣ ‘ਤੇ ਵਧਾਈ ਦਿੱਤੀ ਹੈ।
ਦੱਸ ਦਈਏ ਕਿ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ( Punjab School Education Board ) ਵੱਲੋਂ ਅੱਜ 10 ਵੀਂ ਕਲਾਸ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਵਿਦਿਆਰਥੀ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.org ‘ਤੇ ਜਾ ਕੇ ਆਪਣੇ ਨਤੀਜੇ ਆਨਲਾਈਨ ਦੇਖ ਸਕਦੇ ਹਨ। 10 ਵੀਂ ਦੇ ਐਲਾਨੇ ਗਏ ਨਤੀਜੇ ਵਿੱਚੋਂ ਇੱਕ ਵਾਰ ਫਿਰ ਤੋਂ ਕੁੜੀਆਂ ਨੇ ਬਾਜ਼ੀ ਮਾਰੀ ਹੈ।
10ਵੀਂ ਦੇ ਐਲਾਨੇ ਗਏ ਨਤੀਜੇ ਵਿੱਚੋਂ ਫਰੀਦਕੋਟ ਦੀ ਗਗਨਦੀਪ ਕੌਰ ਨੇ ਵੱਲੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਗਿਆ ਹੈ। ਜਦਕਿ ਫਰੀਦਕੋਟ ਦੀ ਹੀ ਨਵਜੋਤ ਕੌਰ ਨੇ ਦੂਜੇ ਸਥਾਨ ਹਾਸਲ ਕੀਤਾ ਹੈ ਅਤੇ ਮਾਨਸਾ ਦੀ ਹਰਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿਚੋਂ 650 ਨੰਬਰ ਲੈ ਕੇ 100 ਫ਼ੀਸਦੀ ਨਾਲ ਸੂਬੇ ਵਿੱਚੋਂ ਟਾਪ ਕੀਤਾ ਹੈ। ਇਸ ਤੋਂ ਇਲਾਵਾ ਫਰੀਦਕੋਟ ਦੀ ਹੀ ਨਵਜੋਤ ਕੌਰ ਨੇ 648 ਅੰਕ ਲੈ ਕੇ 99.69 ਫ਼ੀਸਦੀ ਨਾਲ ਦੂਜਾ ਸਥਾਨ ਤੇ ਮਾਨਸਾ ਦੀ ਹਰਮਨਦੀਪ ਕੌਰ ਨੇ 646 ਅੰਕ ਲੈ ਕੇ 99.38 ਫ਼ੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ।
ਇਸ ਵਾਰ 10ਵੀਂ ਜਮਾਤ ਦਾ ਕੁੱਲ ਨਤੀਜਾ 97.54 ਫ਼ੀਸਦੀ ਰਿਹਾ । ਸਰਕਾਰੀ ਸਕੂਲਾਂ ਦਾ ਪਾਸ ਫ਼ੀਸਦ 97.76 ਰਿਹਾ ਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 97% ਰਿਹਾ। 10ਵੀਂ ਜਮਾਤ ਵਿੱਚੋ 98.46 ਫ਼ੀਸਦੀ ਕੁੜੀਆਂ ਤੇ 96.73 ਫ਼ੀਸਦੀ ਮੁੰਡੇ ਪਾਸੇ ਹੋਏ ਹਨ ।
ਪਠਾਨਕੋਟ ਜ਼ਿਲ੍ਹੇ ਵਿੱਚ ਸਭ ਤੋਂ ਵੱਧ 99.19% ਪਾਸ ਪ੍ਰਤੀਸ਼ਤਤਾ ਹੈ ਜਦਕਿ ਬਰਨਾਲਾ ਵਿੱਚ ਸਭ ਤੋਂ ਘੱਟ 95.96% ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ ਦੀ ਮਦਦ ਨਾਲ ਆਪਣਾ ਨਤੀਜਾ ਦੇਖ ਸਕਦੇ ਹਨ। ਪੰਜਾਬ ਬੋਰਡ ਨੇ ਅੱਜ 10ਵੀਂ ਜਮਾਤ ਦਾ ਨਤੀਜਾ ਜਾਰੀ ਕੀਤਾ। ਅੰਗਰੇਜ਼ੀ ਵਿਸ਼ੇ ਵਿੱਚ ਪਾਸ ਪ੍ਰਤੀਸ਼ਤਤਾ 99.22 ਹੈ ਜੋ ਕਿ ਪੰਜਾਬੀ ਵਿਸ਼ੇ ਵਿੱਚ 99.1% ਦੀ ਪਾਸ ਪ੍ਰਤੀਸ਼ਤਤਾ ਤੋਂ ਥੋੜ੍ਹਾ ਵੱਧ ਹੈ।
PSEB ਨੇ 10ਵੀਂ ਦੇ ਨਤੀਜੇ ਦੇ ਨਾਲ ਟਾਪਰ ਲਿਸਟ ਵੀ ਜਾਰੀ ਕਰ ਦਿੱਤੀ ਹੈ। ਇਸ ਸਾਲ ਟਰਾਂਸਜੈਂਡਰ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 100% ਹੈ। ਕੁੱਲ ਤਿੰਨ ਟਰਾਂਸਜੈਂਡਰ ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ ਅਤੇ ਸਾਰੇ ਪਾਸ ਹੋਏ ਹਨ।