Punjab

ਮਾਪਿਆਂ ਦਾ ਇਕਲੌਤਾ ਪੁੱਤ 23 ਸਾਲ ਜਸਕਰਨ ਬਚ ਸਕਦਾ ਸੀ ! ਪਰ ਨਾ ਸਮੇਂ ਨੇ ਸਾਥ ਦਿੱਤਾ ਨਾ ਸਮਾਂ ਬਦਲਣ ਵਾਲਿਆ ਨੇ !

ਬਠਿੰਡਾ :  ਸ਼ਾਇਦ ਹੀ ਕੋਈ ਅਜਿਹਾ ਹਫ਼ਤਾ ਨਿਕਲਦਾ ਹੋਵੇ, ਜਦੋਂ ਨਸ਼ੇ ਦੀ ਓਵਰਡੋਜ਼ ਨਾਲ 2 ਤੋਂ 3 ਮੌਤਾਂ ਦੀ ਖ਼ਬਰਾਂ ਨਾ ਆਉਂਦੀਆਂ ਹੋਣ। ਹੁਣ ਬਠਿੰਡਾ ਤੋਂ ਇੱਕ ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ ਨੇ ਪੂਰੇ ਪਰਿਵਾਰ ਦੇ ਨਾਲ ਪਿੰਡ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ।
23 ਸਾਲ ਦਾ ਜਸਕਰਨ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਲਹਿਰ ਬੇਗਾ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ ਇਲਾਕੇ ਵਿੱਚ ਸਰਗਰਮ ਨਸ਼ਾ ਸਮੱਗਲਰ ਖਾ ਗਏ। ਮਾਪਿਆਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਪੁੱਤਰ ਨਸ਼ੇ ਤੋਂ ਦੂਰ ਹੋ ਜਾਵੇ ਪਰ ਉਹ ਕਾਮਯਾਬ ਨਹੀਂ ਸਕੇ, ਪੁੱਤ ਨੂੰ ਗਵਾਉਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਿੱਥੇ ਉਹ ਇਲਜ਼ਾਮ ਲੱਗਾ ਰਹੇ ਹਨ ਕਿ ਇਲਾਕੇ ਵਿੱਚ ਸਮੱਗਲਰਾਂ ‘ਤੇ ਨਕੇਲ ਨਹੀਂ ਕਸੀ ਜਾ ਰਹੀ ਹੈ, ਉੱਥੇ ਉਹ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਚਲਾ ਗਿਆ ਹੈ ਅਤੇ ਕਿਸੇ ਹੋਰ ਦਾ ਨਾ ਜਾਵੇ। ਸਰਕਾਰ ਕੋਈ ਸਖ਼ਤ ਕਦਮ ਚੁੱਕੇ, ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੀ ਕਬੱਡੀ ਦੇ ਇੱਕ ਖਿਡਾਰੀ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।

ਮੁਕਤਸਰ ਵਿੱਚ ਕਬੱਡੀ ਖਿਡਾਰੀ ਦੀ ਨਸ਼ੇ ਨਾਲ ਮੌਤ

ਮੁਕਤਸਰ ਜ਼ਿਲ੍ਹੇ ਦੇ ਕਬੱਡੀ ਖਿਡਾਰੀ ਹਰਭਜਨ ਸਿੰਘ ਭੱਜੀ ਨੂੰ ਵੀ ਚਿੱਟਾ ਖਾ ਗਿਆ ਸੀ। ਭੱਜੀ ਦਾ ਵਿਆਹ ਹੋ ਚੁੱਕਿਆ ਸੀ ਅਤੇ 2 ਬੱਚੇ ਸਨ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਸੀ ਕਿ ਹਰਭਜਨ ਸਿੰਘ ਨੂੰ ਚਿੱਟੇ ਦਾ ਲਤ ਸੀ। ਉਸ ਦੀ ਮੌਤ ਚਿੱਟੇ ਦੀ ਵਜ੍ਹਾ ਕਰਕੇ ਹੋਈ ਹੈ। ਉਹ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।
ਪਰਿਵਾਰ ਮੁਤਾਬਕ 20 ਮਈ ਨੂੰ ਉਹ ਪਿੰਡ ਦੇ ਆਪਣੇ ਸਾਥੀਆਂ ਦੇ ਨਾਲ ਘਰ ਤੋਂ ਗਿਆ ਸੀ। ਥੋੜ੍ਹੀ ਦੇਰ ਬਾਅਦ ਫੋਨ ਆਇਆ ਕੀ ਹਰਭਜਨ ਸਿੰਘ ਕੋਟਕਪੂਰਾ ਕੋਲ ਡਿੱਗਿਆ ਹੈ, ਉਸ ਦੇ ਮੂੰਹ ਤੋਂ ਝੱਗ ਨਿਕਲ ਰਹੀ ਸੀ। ਪਰਿਵਾਰਕ ਮੈਂਬਰ ਜਦੋਂ ਮੌਕੇ ‘ਤੇ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਿੱਚ ਸਰੇਆਮ ਚਿੱਟਾ ਵਿਕਦਾ ਹੈ। ਹਰਭਜਨ ਸਿੰਘ ਕੱਚਾ ਮੁਲਾਜ਼ਮ ਸੀ। ਉਸ ਦਾ 9 ਸਾਲ ਦਾ ਪੁੱਤਰ ਅਤੇ 8 ਸਾਲ ਦੀ ਧੀ ਹੈ।