International

ਭਾਰਤ ਕਿਉਂ ਕਤਰਾ ਰਿਹਾ ਹੈ ਹੰਬਨਟੋਟਾ ਉੱਤੇ ਚੀਨ ਦੇ ਜਹਾਜ਼ ਨੂੰ ਠਹਿਰਾਉਣ ਤੋਂ !

‘ਦ ਖ਼ਾਲਸ ਬਿਊਰੋ :- ਚੀਨ ਦਾ ਯੂਆਨ ਵਾਂਗ – 5 ਜਹਾਜ਼ ਅੱਜ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ ਉੱਤੇ ਪਹੁੰਚ ਜਾਵੇਗਾ। ਇਹ ਜਹਾਜ਼ ਅਗਲੇ ਛੇ ਦਿਨਾਂ ਤੱਕ ਹੰਬਨਟੋਟਾ ਵਿੱਚ ਰਹੇਗਾ। ਇਸ ਤੋਂ ਪਹਿਲਾਂ ਇਸ ਜਹਾਜ਼ ਨੇ 11 ਅਗਸਤ ਨੂੰ ਹੰਬਨਟੋਟਾ ਪਹੁੰਚਣਾ ਸੀ। ਉਦੋਂ ਵੀ ਭਾਰਤ ਨੇ ਸ਼੍ਰੀਲੰਕਾ ਦੇ ਇਸ ਕਦਮ ‘ਤੇ ਚਿੰਤਾ ਪ੍ਰਗਟਾਈ ਸੀ।

ਇਸ ਤੋਂ ਬਾਅਦ ਸ਼੍ਰੀਲੰਕਾ ਨੇ ਕਿਹਾ ਸੀ ਕਿ ਚੀਨੀ ਜਹਾਜ਼ ਹੰਬਨਟੋਟਾ ਬੰਦਰਗਾਹ ‘ਤੇ ਸਿਰਫ ਈਂਧਨ ਭਰਨ ਲਈ ਰੁਕੇਗਾ ਪਰ ਫਿਰ ਸ਼੍ਰੀਲੰਕਾ ਨੇ ਭਾਰਤ ਦੇ ਇਤਰਾਜ਼ ਤੋਂ ਬਾਅਦ ਚੀਨ ਨੂੰ ਆਪਣਾ ਜਹਾਜ਼ ਭੇਜਣ ਦੀ ਯੋਜਨਾ ਨੂੰ ਮੁਲਤਵੀ ਕਰਨ ਲਈ ਕਿਹਾ ਸੀ।

ਅੰਤ ਵਿੱਚ, ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਪਿਛਲੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਚੀਨੀ ਜਹਾਜ਼ ਯੂਆਨ ਵੈਂਗ – 5 ਨੂੰ 16 ਤੋਂ 22 ਅਗਸਤ ਤੱਕ ਹੰਬਨਟੋਟਾ ਬੰਦਰਗਾਹ ‘ਤੇ ਪੋਰਟਿੰਗ ਲਈ ਮਨਜ਼ੂਰੀ ਦਿੱਤੀ ਗਈ ਹੈ। ਭਾਰਤ ਨੂੰ ਡਰ ਹੈ ਕਿ ਚੀਨ ਇਸ ਬੰਦਰਗਾਹ ਦੀ ਵਰਤੋਂ ਫੌਜੀ ਗਤੀਵਿਧੀਆਂ ਲਈ ਕਰ ਸਕਦਾ ਹੈ।

1.5 ਬਿਲੀਅਨ ਡਾਲਰ ਦਾ ਹੰਬਨਟੋਟਾ ਬੰਦਰਗਾਹ ਏਸ਼ੀਆ ਅਤੇ ਯੂਰਪ ਦੇ ਮੁੱਖ ਸ਼ਿਪਿੰਗ ਮਾਰਗਾਂ ਦੇ ਨੇੜੇ ਹੈ। ਭਾਰਤ ਇਹ ਚਿੰਤਾ ਉਦੋਂ ਤੋਂ ਉਠਾਉਂਦਾ ਆ ਰਿਹਾ ਹੈ ਜਦੋਂ ਤੋਂ ਹੰਬਨਟੋਟਾ ਬੰਦਰਗਾਹ ਨੂੰ ਸ੍ਰੀਲੰਕਾ ਨੇ ਕਰਜ਼ਾ ਨਾ ਮੋੜਨ ਦੇ ਬਦਲੇ 99 ਸਾਲਾਂ ਲਈ ਗਿਰਵੀ ਰੱਖਿਆ ਸੀ।

ਦਰਅਸਲ, ਚੀਨ ਯੂਆਨ ਵੈਂਗ – 5 ਨੂੰ ਇੱਕ ਅੰਤਰਰਾਸ਼ਟਰੀ ਸ਼ਿਪਿੰਗ ਅਤੇ ਖੋਜ-ਸਰਵੇਖਣ ਜਹਾਜ਼ ਦੇ ਰੂਪ ਵਿੱਚ ਵਰਣਨ ਕਰਦਾ ਹੈ, ਪਰ ਇਸਨੂੰ ਦੋਹਰੀ ਵਰਤੋਂ ਵਾਲਾ ਜਾਸੂਸੀ ਜਹਾਜ਼ ਵੀ ਕਿਹਾ ਜਾਂਦਾ ਹੈ।