ਪਿਛਲੇ ਦਿਨੀਂ ਨੰਗਲ ਵਿੱਚ ਛੋਟੇ ਬੱਚੇ ਦੇ ਪਾਣੀ ਵਾਲੀ ਬਾਲ਼ਟੀ ਵਿੱਚ ਡੁੱਬਣ ਦੀ ਖ਼ਬਰ ਆਈ ਸੀ। ਅਜਿਹਾ ਹੀ ਹਾਦਸਾ ਹੁਣ ਪਟਿਆਲਾ ਵਿੱਚ ਵਾਪਰਿਆ ਹੈ ਜਿੱਥੇ ਬਾਲ਼ਟੀ ਵਿੱਚ ਡੁੱਬਣ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ ਹੈ।
ਜ਼ਿਲ੍ਹਾ ਪਟਿਆਲਾ ਦੇ ਸਨੌਰ ਦੇ ਪਿੰਡ ਪੰਜੇਟਾ ਵਿੱਚ 2 ਸਾਲਾ ਬੱਚੇ ਦੀ ਪਾਣੀ ਦੀ ਬਾਲ਼ਟੀ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੀ ਪਛਾਣ ਗੌਰਵ ਵਜੋਂ ਹੋਈ ਹੈ। ਬੱਚੇ ਦਾ ਪਿਤਾ ਅਮਨਦੀਪ ਸਿੰਘ ਗੱਡੀਆਂ ਧੋਣ ਦਾ ਕੰਮ ਕਰਦਾ ਹੈ ਤੇ ਦਾਦਾ ਗੋਪਾਲ ਸਿੰਘ ਮਿੱਟੀ ਦੇ ਬਰਤਨ ਬਣਾ ਕੇ ਵੇਚਦੇ ਹਨ।
ਹਾਸਲ ਜਾਣਕਾਰੀ ਮੁਤਾਬਕ ਪਰਿਵਾਰ ਵਿਹੜੇ ’ਚ ਮਿੱਟੀ ਦੇ ਬਰਤਨ ਤਿਆਰ ਕਰ ਰਿਹਾ ਸੀ। ਇਸ ਦੌਰਾਨ ਗੌਰਵ ਖੇਡਦਾ-ਖੇਡਦਾ ਵਾਸ਼ਰੂਮ ਵਿੱਚ ਚਲਾ ਗਿਆ। ਜਦੋਂ ਪਰਿਵਾਰ ਨੂੰ ਬਹੁਤ ਦੇਰ ਤੱਕ ਉਹ ਨਾ ਦਿੱਸਿਆ ਤਾਂ ਉਸ ਦੀ ਭਾਲ ਕੀਤੀ ਗਈ।
ਜਦੋਂ ਪਰਿਵਾਰ ਨੇ ਵਾਸ਼ਰੂਮ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਮਾਸੂਮ ਗੌਰਵ ਪਾਣੀ ਦੀ ਬਾਲ਼ਟੀ ਵਿੱਚ ਬੇਸੁੱਧ ਪਿਆ ਸੀ। ਪਰਿਵਾਰ ਨੇ ਤੁਰੰਤ ਉਸ ਨੂੰ ਪਾਣੀ ’ਚੋਂ ਕੱਢ ਕੇ ਹਸਪਤਾਲ ਲਿਜਾਇਆ। ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦੇਈਏ ਪਿਛਲੇ ਮਹੀਨੇ ਨੰਗਲ (Nangal) ਵਿੱਚ ਮਾਪਿਆਂ ਦੀ ਵੱਡੀ ਲਾਪਰਵਾਹੀ ਨਾਲ ਦਰਦਨਾਕ ਹਾਦਸਾ ਵਾਪਰਿਆ ਸੀ। ਡੇਢ ਸਾਲ ਦੇ ਬੱਚੇ ਦੀ ਬਾਲ਼ਟੀ (Toddler fell into bucket) ਵਿੱਚ ਡੁੱਬਣ ਨਾਲ ਮੌਤ ਹੋ ਗਈ। ਘਟਨਾ ਨੰਗਲ ਦੇ ਵਾਰਡ ਨੰਬਰ 2 ’ਚ ਵਾਪਰੀ ਸੀ। ਬੱਚਾ ਖੇਡਦਾ-ਖੇਡਦਾ ਵਾਸ਼ਰੂਮ ਚਲਾ ਗਿਆ। ਉਸ ਸਮੇਂ ਘਰ ਦੇ ਲੋਕ ਆਪਣੇ ਕੰਮਾਂ-ਕਾਰਾਂ ਵਿੱਚ ਰੁੱਝੇ ਹੋਏ ਸੀ।
ਜਦੋਂ ਥੋੜੀ ਦੇਰ ਬਾਅਦ ਵੇਖਿਆ ਕਿ ਬੱਚੇ ਦੀ ਅਵਾਜ਼ ਨਹੀਂ ਆ ਰਹੀ ਹੈ ਤਾਂ ਤਲਾਸ਼ ਸ਼ੁਰੂ ਕੀਤੀ ਗਈ। ਇਸ ਦੌਰਾਨ ਜਦੋਂ ਪਰਿਵਾਰ ਵਾਸ਼ਰੂਮ ਪਹੁੰਚਿਆਂ ਤਾਂ ਬੱਚੇ ਦਾ ਸਿਰ ਬਾਲ਼ਟੀ ਵਿੱਚ ਸੀ ਅਤੇ ਲੱਤਾਂ ਉੱਤੇ ਸਨ। ਹਸਪਤਾਲ ਲਿਜਾਣ ’ਤੇ ਬੱਚਾ ਗੁਜ਼ਰ ਚੁੱਕਾ ਸੀ।