ਮੋਗਾ : ਸਰਕਾਰੀ ਦਫਤਰਾਂ ਦਾ ਸਮਾਂ 2 ਮਈ ਤੋਂ ਬਦਲੇ ਜਾਣ ਸੰਬੰਧੀ ਕਾਰਵਾਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਤਜ਼ਰਬਾ ਕਰਾਰ ਦਿੱਤਾ ਹੈ । ਪ੍ਰੈਸ ਕਾਨਫਰੰਸ ਵਿੱਚ ਪੁੱਛੇ ਗਏ ਇੱਕ ਸਵਾਲ ਦਾ ਵੀ ਮਾਨ ਨੇ ਜੁਆਬ ਦਿੱਤਾ ਤੇ ਕਿਹਾ ਹੈ ਕਿ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਸ ਸੰਬੰਧ ਵਿੱਚ ਤਜ਼ਰਬਾ ਕੀਤਾ ਜਾ ਰਿਹਾ ਹੈ ਤੇ 15 ਜੁਲਾਈ ਤੱਕ ਇਹ ਸਮਾਂ ਲਾਗੂ ਰਹੇਗਾ। ਇਸ ਪਿਛੇ ਕਾਰਨ ਬਾਰੇ ਦੱਸਦਿਆਂ ਮਾਨ ਨੇ ਕਿਹਾ ਕਿ ਗਰਮੀ ਕਾਰਨ ਲੋਕ ਆਪਣਾ ਕੰਮ ਠੰਡੇ-ਠੰਡੇ ਨਿਬੇੜ ਸਕਣਗੇ ਤੇ ਸਰਕਾਰੀ ਕਰਮਚਾਰੀਆਂ ਤੇ ਬੱਚਿਆਂ ਨੂੰ ਵੀ ਵਾਧੂ ਸਮਾਂ ਮਿਲੇਗਾ। 15 ਜੁਲਾਈ ਤੋਂ ਬਾਅਦ ਮੌਸਮੀ ਹਾਲਾਤਾਂ ਦੇ ਹਿਸਾਬ ਨਾਲ ਇਸ ਨੂੰ ਬਦਲਿਆ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਹੈ ਕਿ ਸਰਕਾਰੀ ਕਰਮਚਾਰੀ ਇਸ ਫੈਸਲੇ ਤੋਂ ਬਹੁਤ ਖੁਸ਼ ਹਨ ਕਿਉਂਕਿ ਉਹਨਾਂ ਨੂੰ ਹੁਣ ਆਪਣੇ ਹੋਰ ਕੰਮਾਂ ਲਈ ਵਾਧੂ ਸਮਾਂ ਮਿਲੇਗਾ ਤੇ ਬੱਚੇ ਵੀ ਘਰ ਵੱਧ ਸਮਾਂ ਬਿਤਾ ਸਕਣਗੇ। ਅਗਲੇ ਮਹੀਨੇ 2 ਮਈ ਤੋਂ ਸਮਾਂ ਬਦਲਣ ਤੋਂ ਪਹਿਲਾਂ 2 ਛੁੱਟੀਆਂ ਵੀ ਹਨ ਤੇ ਕਰਮਚਾਰੀਆਂ ਨੂੰ ਇਹਨਾਂ ਛੁੱਟੀਆਂ ਵਿੱਚ ਆਪਣੇ ਆਪ ਨੂੰ ਨਵੇਂ ਸਮੇਂ ਦੇ ਹਿਸਾਬ ਨਾਲ ਖੁੱਦ ਨੂੰ ਅਨੁਕੂਲ ਕਰਨ ਲਈ ਸਮਾਂ ਮਿਲੇਗਾ।