India

ਮਾਨ ਨੇ ਲਾਏ ਦਿੱਲੀ ਵਿੱਚ ਭਾਜਪਾ ‘ਤੇ ਨਿਸ਼ਾਨੇ ,ਕਿਹਾ ਗ੍ਰਿਫਤਾਰੀ ਤੋਂ ਡਰਨ ਵਾਲੇ ਨਹੀਂ ਹਾਂ

ਦਿੱਲੀ : ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਦੀ ਸੀਬੀਆਈ ਅੱਗੇ ਪੇਸ਼ੀ ਦੌਰਾਨ ਦਿੱਲੀ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਹ ਗ੍ਰਿਫਤਾਰੀ ਤੋਂ ਡਰਨ ਵਾਲੇ ਨਹੀਂ ਹਨ।

ਆਪ ਨੂੰ ਇਮਾਨਦਾਰ ਪਾਰਟੀ ਦੱਸਦੇ ਹੋਏ ਉਹਨਾਂ ਕਿਹਾ ਕਿ ਇਸ ਪਾਰਟੀ ਨੇ ਪਹਿਲਾਂ ਭਾਜਪਾ ਨੂੰ ਲਗਾਤਾਰ ਹਰਾਇਆ ਹੈ ਤੇ ਇਸ ਮਗਰੋਂ ਪੰਜਾਬ ਵਿੱਚ ਵੀ ਭਾਰੀ ਬਹੁਮਤ ਹਾਸਲ ਕੀਤਾ ਹੈ। ਰਾਮਲੀਲਾ ਮੈਦਾਨ ਚੋਂ ਨਿਕਲੀ ਇਸ ਪਾਰਟੀ ਨੇ ਪਾਰਦਰਸ਼ੀ ਢੰਗ ਨਾਲ ਆਪਣਾ ਕੰਮ ਕੀਤਾ ਹੈ,ਜਿਸ ਦੀ ਗਵਾਹੀ ਦਿੱਲੀ ਵਿੱਚ ਹੋਏ ਵਿਕਾਸ ਕੰਮ ਆਪ ਭਰ ਰਹੇ ਹਨ।ਆਪ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਆਪਣੀ ਸਰਕਾਰ ਦੀਆਂ ਕਈ ਪ੍ਰਾਪਤੀਆਂ ਵੀ ਗਿਣਵਾਈਆਂ, ਜਿਸ ਵਿੱਚ ਸਕੂਲ ਆਫ ਐਮੀਨੈਂਸ ਤੇ ਮੁਹੱਲਾ ਕਲੀਨਿਕ ਦਾ ਵੀ ਉਹਨਾਂ ਜ਼ਿਕਰ ਕੀਤਾ।

ਉਹਨਾਂ ਦਾਅਵਾ ਕੀਤਾ ਕਿ ਆਪ ਦੇ ਨੈਸ਼ਨਲ ਪਾਰਟੀ ਬਣ ਜਾਣ ਦੀ ਗੱਲ ਭਾਜਪਾ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ। ਇਸ ਤੋਂ ਇਲਾਵਾ ਗੁਜਰਾਤ ਤੇ ਗੋਆ ਵਿੱਚ ਵੀ ਆਪ ਦੇ ਵਿਧਾਇਕ ਹਨ ਤੇ ਆਪ ਦੇ 10 ਰਾਜ ਸਭਾ ਮੈਂਬਰ ਵੀ ਹਨ।ਜੋ ਕਿ ਲਗਾਤਾਰ ਇਹਨਾਂ ਨੂੰ ਪ੍ਰੇਸ਼ਾਨੀ ਵਿੱਚ ਪਾਈ ਰੱਖਦੇ ਹਨ।ਭਾਜਪਾ ਤੇ ਵਰਦਿਆਂ ਮੁੱਖ ਮੰਤਰੀ ਮਾਨ ਨੇ ਇਹ ਇਲਜ਼ਾਮ ਵੀ ਕੇਂਦਰ ਸਰਕਾਰ ਤੇ ਲਗਾ ਦਿੱਤਾ ਕਿ ਰਾਜਧਾਨੀ ਵਿੱਚ ਹੋ ਰਹੇ ਵਿਕਾਸ ਦੇ ਕੰਮ ਉਹਨਾਂ ਲਈ ਬਰਦਾਸ਼ਤ ਤੋਂ ਬਾਹਰ ਹਨ,ਇਸ ਲਈ ਦਿੱਲੀ ਦੇ ਸਿੱਖਿਆ ਮੰਤਰੀ ਤੇ ਸਿਹਤ ਮੰਤਰੀ ਨੂੰ ਅੰਦਰ ਕਰ ਦਿੱਤਾ ਤੇ ਹੁਣ ਉਹਨਾਂ ਨੂੰ ਡਰ ਲੱਗ ਰਿਹਾ ਸੀ ਕਿ ਕਿਉਂਕਿ ਕੇਜ਼ਰੀਵਾਲ ਲਗਾਤਾਰ ਹੋਰ ਰਾਜਾਂ ਦੇ ਦੌਰਿਆਂ ਤੇ ਜਾ ਰਿਹਾ ਸੀ। ਇਸ ਲਈ  ਉਹਨਾਂ ਨੂੰ ਵੀ ਸੀਬੀਆਈ ਨੇ ਬੁਲਾ ਲਿਆ,ਜਦੋਂ ਕਿ ਭਾਜਪਾ ਦੇ ਉਦਯੋਗਪਤੀਆਂ ਨਾਲ ਰਿਸ਼ਤੇ ਸੰਬੰਧੀ ਸਵਾਲ ਤੇ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਨਿਸ਼ਾਨੇ ਤੇ ਲੈਂਦੇ ਹੋਏ ਮਾਨ ਨੇ ਤੰਜ ਕੱਸਿਆ ਕਿ ਕੇਂਦਰ ਵਿੱਚ ਦੋ ਸ਼ਾਹ ਬੈਠੇ ਹਨ,ਇਕ ਅਮਿਤ ਸ਼ਾਹ ਤੇ ਦੂਸਰਾ ਤਾਨਾਸ਼ਾਹ। ਬੱਸ ਹੁਕਮ ਜਾਰੀ ਕਰੀ ਜਾ ਰਹੇ ਹਨ। ਇਹ ਗਣੰਤਤਰ ਨਹੀਂ ਹੈ।

ਦਿੱਲੀ ਦੀ ਐਕਸਾਈਜ਼ ਪਾਲਿਸੀ ਸੰਬੰਧੀ ਪੁੱਛੇ ਗਏ ਇੱਕ ਸਵਾਲ ਦੇ ਜੁਆਬ ਵਿੱਚ ਮਾਨ ਨੇ ਕਿਹਾ ਕਿ  ਇਹ ਪਾਲਿਸੀ ਪੰਜਾਬ ਵਿੱਚ ਵੀ ਲਾਗੂ ਹੈ ਤੇ ਉਥੇ ਹੁਣ ਮਾਲੀਆ ਵੱਧ  ਰਿਹਾ ਹੈ। ਇਸੇ ਤਰਾਂ ਦਿੱਲੀ ਵਿੱਚ ਕੀਤੇ ਸੁਧਾਰਾਂ ਨੂੰ ਦੇਖ ਕੇ ਹੁਣ ਭਾਜਪਾ ਇਸ ਤਰਾਂ ਦੇ ਕਦਮ ਚੁੱਕ ਰਹੀ ਹੈ।

ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਰੋਕੇ ਜਾਣ ਸੰਬੰਧੀ ਸਵਾਲ ‘ਤੇ ਮੁੱਖ ਮੰਤਰੀ ਮਾਨ ਨੇ ਇਸ ਨੂੰ ਭਾਜਪਾ ਦਾ ਡਰ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਆਪ ਦੇ ਵਲੰਟੀਅਰ ਆਮ ਲੋਕ ਹਨ,ਇਹਨਾਂ ਵਾਂਗੂ ਦਿਹਾੜੀਆਂ ਤੇ ਨਹੀਂ ਆਉਂਦੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਸਾਰੇ ਚੱਟਾਨ ਵਾਂਗ ਅਰਵਿੰਦ ਕੇਜ਼ਰੀਵਾਲ ਦੇ ਨਾਲ ਖੜ੍ਹੇ ਹਾਂ। ਆਪ ਇਕ ਲਹਿਰ ਦਾ ਨਾਂ ਹੈ ਦਿੱਲੀ ਪੁਲਿਸ ਦਾ ਜਬਰ ਵੀ ਇਸ ਲਹਿਰ ਨੂੰ ਰੋਕ ਨਹੀਂ ਸਕਦਾ।