Punjab

“ਜੇ ਦਿੱਲੀ-ਪੰਜਾਬ ਪ੍ਰਦੂਸ਼ਣ ਫੈਲਾਉਂਦੇ ਹਨ ਤਾਂ ਬਾਕੀ ਭਾਰਤ ਵਿੱਚ Switzerland ਵੱਸਦਾ ਹੈ ? ” ਮੁੱਖ ਮੰਤਰੀ ਮਾਨ ਵਰੇ ਕੇਂਦਰ ‘ਤੇ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਵਰਦਿਆਂ ਕਿਹਾ ਹੈ ਕਿ ਭਾਵੇਂ ਪਰਾਲੀ ਨੂੰ ਅੱਗ ਲਾਉਣ ਦਾ ਮਸਲਾ ਕਾਫੀ ਗੰਭੀਰ ਹੈ ਪਰ ਕੇਂਦਰ ਵੱਲੋਂ ਹਮੇਸ਼ਾ ਪੰਜਾਬ ਤੇ ਦਿੱਲੀ ਨੂੰ ਹੀ ਨਿੰਦਿਆ ਜਾਂਦਾ ਹੈ ਤੇ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ ।

“ਕਮਿਸ਼ਨ ਆਫ ਏਅਰ ਕੁਆਲਿਟੀ ਮੈਨੇਜਮੈਂਟ” ਨਾਲ ਸਬੰਧਤ ਕਾਗਜ਼ਾਤ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਹੈ ਕਿ ਕੇਂਦਰ ਨੂੰ ਇਸ ਮਸਲੇ ਦੇ ਹਲ ਦਿਤਾ ਗਿਆ ਸੀ ਕਿ 1500 ਰੁਪਏ ਕੇਂਦਰ ਸਰਕਾਰ ਤੇ 500-500 ਰੁਪਏ ਦਿੱਲੀ ਤੇ ਪੰਜਾਬ ਸਰਕਾਰ ਵੱਲੋਂ ਪਾ ਕੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਉਹ ਇਸ ਪਰਾਲੀ ਦਾ ਹੱਲ ਕਰ ਸਕਦੇ ਹਨ ਪਰ ਇਸ ਸਕੀਮ ਨੂੰ ਮੰਨਣ ਤੋਂ ਕੇਂਦਰ ਸਰਕਾਰ ਨੇ ਨਾਂਹ ਕਰ ਦਿੱਤੀ ਸੀ।

ਇਸ ਸਬੰਧ ਵਿੱਚ ਦੂਜਾ ਹਲ ਕੇਂਦਰ ਨੂੰ ਇਹ ਦਿੱਤਾ ਗਿਆ ਸੀ ਕਿ ਪੰਜਾਬ ਵਿੱਚ ਪਰਾਲੀ ਦੇ ਸਹੀ ਨਿਪਟਾਰੇ ਲਈ ਪਲਾਂਟ ਲਗਾਏ ਜਾ ਸਕਦੇ ਹਨ ਕਿਉਂਕਿ ਕਈ ਕੰਪਨੀਆਂ ਇਸ ਲਈ ਦਿਲਚਸਪੀ ਲੈ ਰਹੀਆਂ ਹਨ ਪਰ ਕੇਂਦਰ ਨੇ ਸੂਬਾ ਸਰਕਾਰ ਦੀ ਇਸ ਤਜਵੀਜ ਨੂੰ ਵੀ ਰੱਦ ਕਰ ਦਿੱਤਾ।

ਮਾਨ ਨੇ ਸਵਾਲ ਕਰਦਿਆਂ ਕੇਂਦਰ ਸਰਕਾਰ ਤੇ ਨਿਸ਼ਾਨਾ ਲਾਇਆ ਹੈ ਕਿ ਜਦ ਅਸੀਂ ਹਲ ਦਿੰਦੇ ਹਾਂ ਤਾਂ ਉਸ ਨੂੰ ਕੇਂਦਰ ਸਰਕਾਰ ਮੰਨਦੀ ਨਹੀਂ ਹੈ ਪਰ ਵਾਰ ਵਾਰ ਕਿਸਾਨਾਂ ਨੂੰ ਦੋਸ਼ੀ ਕਿਉਂ ਠਹਿਰਾ ਰਹੀ ਹੈ ,ਜਦੋਂ ਉਹਨਾਂ ਨੂੰ ਕੋਈ ਹੱਲ ਨਹੀਂ ਦੇ ਸਕਦੀ।

ਮਾਨ ਨੇ ਇਸ ਪਿਛੇ ਰਾਜਨੀਤੀ ਨੂੰ ਦੱਸਿਆ ਹੈ ਤੇ ਕਿਹਾ ਹੈ ਕਿ ਸਰਕਾਰ ਨੂੰ ਸਿਰਫ ਪੰਜਾਬ ਤੇ ਦਿੱਲੀ ਹੀ ਕਿਉਂ ਦਿਸਦੇ ਹਨ ਜਦੋਂ ਕਿ ਹੋਰ ਵੀ ਕਈ ਸੂਬੇ ਹਨ। ਏਅਰ ਕੁਆਲਿਟੀ ਇਨਡੈਕਸ ਦੀ ਗੱਲ ਕਰਦਿਆਂ ਮਾਨ ਨੇ ਹਰਿਆਣਾ ਸਣੇ ਭਾਰਤ ਦੇ ਕਈ ਸ਼ਹਿਰ ਗਿਣਾਏ ਹਨ,ਜਿਹਨਾਂ ਵਿੱਚ ਫਰੀਦਾਬਾਦ ਨੰਬਰ 1 ਹੈ,ਜਿਹਨਾਂ ਵਿੱਚ ਹੱਦ ਤੋਂ ਜਿਆਦਾ ਪ੍ਰਦੂਸ਼ਣ ਹੈ। ਇਸ ਤੋਂ ਇਲਾਵਾ ਮਾਨੇਸਰ ,ਗਵਾਲੀਅਰ,ਗੁੜਗਾਉਂ,ਸੋਨੀਪਤ ਤੇ ਲੁਧਿਆਣਾ ਸਣੇ ਹੋਰ ਵੀ ਕਈ ਸ਼ਹਿਰਾਂ ਤੇ ਇਲਾਕਿਆਂ ਦਾ ਜ਼ਿਕਰ ਵੀ ਮਾਨ ਨੇ ਕੀਤਾ ਹੈ।

ਮਾਨ ਨੇ ਸਵਾਲ ਕੀਤਾ ਹੈ ਕਿ ਕੇਂਦਰ ਦੇ ਰਵਇਏ ਨੂੰ ਦੇਖਦੇ ਹੋਏ ਇੰਝ ਲਗਦਾ ਹੈ,ਜਿਵੇਂ ਸਿਰਫ ਪੰਜਾਬ ਤੇ ਦਿੱਲੀ ਹੀ ਪ੍ਰਦੂਸ਼ਣ ਕਰ ਰਹੇ ਹਨ ਤੇ ਬਾਕੀ ਜਗਾ ‘ਤੇ ਤਾਂ ਇਸ ਦਾ ਨਾਮੋ ਨਿਸ਼ਾਨ ਨਹੀਂ ਹੈ।

ਕੇਂਦਰ ਤੇ ਸਿੱਧਾ ਇਲਜ਼ਾਮ ਲਗਾਉਂਦੇ ਹੋਏ ਮਾਨ ਨੇ ਕਿਹਾ ਹੈ ਕਿ ਸਰਕਾਰ ਇੱਕ ਪੈਸਾ ਵੀ ਖਰਚਣ ਨੂੰ ਤਿਆਰ ਨਹੀਂ ਹੈ ਪਰ ਪੰਜਾਬ ਤੋਂ ਚੌਲ ਵੀ ਉਹਨਾਂ ਨੂੰ ਚਾਹੀਦੇ ਹਨ। ਕਦੇ ਵੀ ਪੰਜਾਬ ਵਿੱਚ ਕਿਸਾਨਾਂ ਨੂੰ ਦਰਪੇਸ਼ ਆਉਂਦੀਆਂ ਮੁਸੀਬਤਾਂ ਬਾਰੇ ਜਾ ਮੁਆਵਜ਼ੇ ਬਾਰੇ ਕੇਂਦਰ ਨੇ ਕਦੇ ਗੱਲ ਨਹੀਂ ਕੀਤੀ ਹੈ ।ਹਾਂ ਇੰਨਾਂ ਜ਼ਰੂਰ ਹੁੰਦਾ ਹੈ ਕਿ ਸੂਬਾ ਸਰਕਾਰ ਨੂੰ ਲਿਖੀ ਚਿੱਠੀ ਵਿੱਚ ਸਰਕਾਰ ਕਿਸਾਨਾਂ ‘ਤੇ ਪਾਏ ਕੇਸਾਂ ਬਾਰੇ ਜ਼ਰੂਰ ਪੁੱਛਿਆ ਜਾਂਦਾ  ਹੈ।

ਮਾਨ ਨੇ  ਇਹ ਵੀ ਕੇਂਦਰ ਤੇ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਸ਼ਾਇਦ ਕਿਸਾਨ ਅੰਦੋਲਨ ਵੇਲੇ ਮਿਲੀ ਹਾਰ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਨਫਰਤ ਕੀਤੀ ਜਾ ਰਹੀ ਹੈ ਤੇ ਸਰਕਾਰ ਨਹੀਂ ਚਾਹੁੰਦੀ ਕਿ ਉਹ ਤਰੱਕੀ ਕਰਨ।ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਜਿਸ ਦਾ ਆਪ ਸਰਕਾਰ ਸਖ਼ਤ ਵਿਰੋਧ ਕਰਦੀ ਹੈ ।

ਮਾਨ ਨੇ ਕੇਂਦਰ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਦੇ ਹਿਸਾਬ ਨਾਲ ਪੰਜਾਬ ਤੇ ਦਿੱਲੀ ਪ੍ਰਦੂਸ਼ਣ ਫੈਲਾਉਂਦੇ ਹਨ ਤਾਂ ਕਿ ਦੇਸ਼ ਦੇ ਬਾਕੀ ਸੂਬਿਆਂ ਵਿੱਚ ਸਵੀਟਜ਼ਰਲੈਂਡ ਵਸਦਾ ਹੈ?ਪੰਜਾਬ ਤੋਂ ਚੋਲਾਂ ਦੀ ਉਪਜ ਲੈ ਲਈ ਜਾਂਦੀ ਹੈ ਪਰ ਐਮਐਸਪੀ ‘ਤੇ ਸਰਕਾਰ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ। ਪੰਜਾਬ ਦੇ ਕਿਸਾਨ ਤਾਂ ਆਪ ਆਪਣਾ ਖਹਿੜਾ ਝੋਨੇ ਤੋਂ ਛੁਡਵਾਉਣਾ ਚਾਹੁੰਦੇ ਹਨ ਪਰ ਕੋਈ ਬਦਲ ਵੀ ਹੋਵੇ। ਇਸ ਗੱਲ ਦਾ ਵੱਡਾ ਸਬੂਤ ਹੈ ਕਿ ਪੰਜਾਬ ਵਿੱਚ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪਰਾਲੀ ਨਾ ਸਾੜਨ ਦੇ ਮਤੇ ਪਕਾਏ ਹਨ। ਪਰ ਭਾਜਪਾ ਹੱਲ ਨਾ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਨੀਤੀ ‘ਤੇ  ਚੱਲ ਰਹੀ ਹੈ ਤੇ ਕਿਸਾਨਾਂ ਤੋਂ ਬਦਲਾ ਲੈ ਰਹੀ ਹੈ।