ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਲੋਕ ਨਿਰਮਾਣ ਵਿਭਾਗ ਦੇ ਨਵ-ਨਿਯੁਕਤ 188 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਜਿਸ ਤੋਂ ਬਾਅਦ ਆਏ ਉਮੀਦਵਾਰਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਆਪ ਵੱਲੋਂ ਦਿੱਤੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਹੋਣ ਦਾ ਦਾਅਵਾ ਕੀਤਾ ਹੈ ਤੇ ਵਿਰੋਧੀ ਪਾਰਟੀਆਂ ‘ਤੇ ਵਰਦੇ ਹੋਏ ਕਿਹਾ ਹੈ ਕਿ ਇਹਨਾਂ ਨੇ ਸਿਰਫ ਲਾਰੇ ਲਾਏ ਹਨ । ਮਾਨ ਨੇ ਕਿਹਾ ਹੈ ਕਿ 87 ਫੀਸਦੀ ਘਰਾਂ ਦੇ ਬਿਜਲੀ ਦੇ ਬਿੱਲ 0 ਆਏ ਹਨ ਤੇ ਸਰਕਾਰੀ ਨੌਕਰੀਆਂ ਦਾ ਵਾਅਦਾ ਵੀ ਪੂਰਾ ਕੀਤਾ ਗਿਆ ਹੈ ਤੇ ਅੱਜ ਦੇ ਮਿਲਾ ਕੇ ਹੁਣ ਤੱਕ 26074 ਨਿਯੁਕਤੀ ਪੱਤਰ ਦਿੱਤੇ ਗਏ ਹਨ।
ਉਹਨਾਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਅਸਾਮੀਆਂ ਵੀ ਨਿਕਲਣਗੀਆਂ ਪਰ ਸਰਕਾਰ ਦੀ ਕੋਸ਼ਿਸ਼ ਹੈ ਕਿ ਪਹਿਲਾਂ ਕਾਨੂੰਨੀ ਅੜਚਨਾਂ ਨੂੰ ਦੂਰ ਕੀਤਾ ਜਾਵੇ।
ਮੁਹੱਲਾ ਕਲੀਨਿਕਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਹੁਣ ਇਹ ਸਿਸਟਮ ਵਿਦੇਸ਼ਾਂ ਵਿੱਚ ਵੀ ਪਸੰਦ ਕੀਤਾ ਜਾ ਰਿਹਾ ਹੈ। ਪਿਛਲੇ ਸਾਢੇ ਪੰਜ ਮਹੀਨਿਆਂ ਵਿੱਚ 10 ਲੱਖ ਤੋਂ ਵੱਧ ਲੋਕਾਂ ਨੇ ਇਹਨਾਂ ਵਿੱਚ ਇਲਾਜ ਕਰਵਾਇਆ ਹੈ,ਜਿਸ ਨਾਲ ਵੱਡੇ ਹਸਪਤਾਲਾਂ ਤੋਂ ਬੋਝ ਘੱਟਿਆ ਹੈ। ਇਹਨਾਂ ਕਲੀਨਿਕਾਂ ਵਿੱਚ ਪੇਪਰ ਲੈਸ ਸਿਸਟਮ ਹੋਣ ਕਰਕੇ ਮਰੀਜਾਂ ਦਾ ਸਾਰਾ ਰਿਕਾਰਡ ਆਨਲਾਈਨ ਉਪਲਬੱਧ ਹੈ,ਜਿਸ ਦਾ ਫਾਇਦਾ ਇਹ ਹੈ ਕਿ ਮਰੀਜ ਪੂਰੇ ਪੰਜਾਬ ਵਿੱਚ ਕਿਸੇ ਵੀ ਮੁਹੱਲਾ ਕਲੀਨਿਕ ਵਿੱਚ ਦਵਾਈ ਲੈ ਸਕਦਾ ਹੈ ।
ਡਿਸਪੈਂਸਰੀਆਂ ਬਾਰੇ ਸਵਾਲ ਚੁੱਕੇ ਜਾਣ ‘ਤੇ ਮਾਨ ਨੇ ਜਵਾਬ ਦਿੱਤਾ ਹੈ ਕਿ ਖਸਤਾ ਹਾਲ,ਖੰਡਰ ਹੋ ਰਹੀਆਂ ਇਮਾਰਤਾਂ ਨੂੰ ਸਹੀ ਕਰ ਕੇ ਜੇਕਰ ਉਸ ਨੂੰ ਸਿਹਤ ਸਹੂਲਤਾਂ ਦੇਣ ਜੋਗਾ ਬਣਾ ਦਿੱਤਾ ਹੈ ਤਾਂ ਇਸ ਵਿੱਚ ਕੀ ਗਲਤ ਹੈ ? ਇਹਨਾਂ ਵਿੱਚ ਵੀ ਲੋਕਾਂ ਦਾ ਪੈਸਾ ਲਗਿਆ ਸੀ ਨਾ ਕਿ ਬਾਦਲਾਂ ਦਾ । ਪਹਿਲਾਂ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਨੀ ਕੋਈ ਦਵਾਈ ਤੇ ਨਾ ਹੀ ਇਲਾਜ ਹੁੰਦਾ ਸੀ।
ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ‘ਤੇ ਤੰਜ ਕਸਦਿਆਂ ਮਾਨ ਨੇ ਕਿਹਾ ਹੈ ਕਿ ਵਾਅਦੇ ਤਾਂ ਉਹਨਾਂ ਨੇ ਵੀ ਕੀਤੇ ਸੀ ਕਿ ਪਾਣੀ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ ਪਰ ਪਾਣੀ ਤਾਂ ਹੈ,ਬਸਾਂ ਕਿੱਧਰ ਗਈਆਂ ?
ਮਾਨ ਨੇ ਆਪ ਸਰਕਾਰ ਦੇ ਕੰਮਾਂ ਦਾ ਬਿਓਰਾ ਦਿੰਦੇ ਹੋਏ ਇਹ ਵੀ ਦਾਅਵਾ ਕੀਤਾ ਹੈ ਕਿ ਜੋ ਸਰਕਾਰਾਂ ਅੱਗੇ ਆਪਣੇ ਕਾਰਜਕਾਲ ਦੇ ਆਖਰੀ ਮਹੀਨਿਆਂ ਵਿੱਚ ਕੰਮ ਕਰਦੀਆਂ ਸੀ ,ਆਪ ਨੇ ਉਹ ਪਹਿਲੇ 10 ਮਹੀਨਿਆਂ ਵਿੱਚ ਹੀ ਕਰ ਕੇ ਦਿਖਾ ਦਿੱਤੇ ਹਨ।
ਜੇਕਰ ਪਿਛਲੀਆਂ ਸਰਕਾਰਾਂ ਨੇ ਪਹਿਲਾਂ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਬੱਚੇ ਅੰਨੇਵਾਹ ਵਿਦੇਸ਼ ਨਾ ਜਾਂਦੇ। ਹੁਣ ਪੁਰਾਣੇ ਸਮੇਂ ਵਿੱਚ ਹੋਈਆਂ ਹਰ ਤਰਾਂ ਦੀਆਂ ਹੇਰਾਫੇਰੀਆਂ ਦਾ ਹਿਸਾਬ ਲਿਆ ਜਾਵੇਗਾ ਤੇ ਡਿਸਪੈਂਸਰੀਆਂ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਬਣਨ ਤੋਂ ਬਾਅਦ ਢਹਿ ਢੇਰੀ ਕਿਵੇਂ ਹੋਈਆਂ?
ਇਸ ਤੋਂ ਬਾਅਦ ਮਾਨ ਨੇ ਕਿਹਾ ਕਿ ਪੰਜਾਬ ਪ੍ਰਗਤੀ ਦੇ ਰਾਹ ‘ਤੇ ਪੈ ਗਿਆ ਹੈ । ਇਥੇ ਇੰਡਸਟਰੀ ਆ ਰਹੀ ਹੈ ਤੇ ਸਾਰਿਆਂ ਨੂੰ ਹੁਣ ਰੋਜ਼ਗਾਰ ਮਿਲੇਗਾ।ਖੇਤੀਬਾੜੀ ਵਿੱਚ ਨਵੇਂ ਤਜ਼ਰਬੇ ਕੀਤੇ ਜਾਣ ਦੀ ਗੱਲ ਵੀ ਉਹਨਾਂ ਕਹੀ ਹੈ ਤੇ ਇਹ ਵੀ ਦੱਸਿਆ ਹੈ ਕਿ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੀ ਵੀ ਆਰਥਿਕ ਹਾਲਤ ਸੁਧਾਰੀ ਜਾ ਰਹੀ ਹੈ ।
ਮਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅੱਜ ਜਿਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ, ਉਹਨਾਂ ਵਿੱਚ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ। ਸਭ ਨੂੰ ਮੈਰੀਟ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਹੁਣ ਕੋਈ ਸਿਫਾਰਿਸ਼ ਨਹੀਂ ਚੱਲੇਗੀ।
ਨਿਯੁਕਤੀ ਪੱਤਰ ਲੈਣ ਵਾਲਿਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਕਿਹਾ ਹੈ ਕਿ ਸਰਕਾਰ ਹੁਣ ਸਾਰੀਆਂ ਸਹੂਲਤਾਂ ਘਰ ਬੈਠਿਆਂ ਨੂੰ ਦੇਵੇਗੀ।ਬੁਢਾਪਾ ਪੈਨਸ਼ਨ,ਕਈ ਸਹੂਲਤਾਂ ਤੇ ਰਾਸ਼ਨ ਘਰੇ ਆਇਆ ਕਰੇਗਾ। ਆਉਣ ਵਾਲੇ ਦਿਨਾਂ ਵਿੱਚ ਹੋਰ ਅਸਾਮੀਆਂ ਕੱਢੀਆਂ ਜਾਣਗੀਆਂ ਤੇ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇਗਾ।