India

ਕਿਸਾਨਾਂ ਨੂੰ ਆਪਣੀ ਗੱਡੀ ਦੇ ਸਾਹਮਣੇ ਦਰੜ ਵਾਲੇ ਆਸ਼ੀਸ਼ ਮਿਸ਼ਰਾ ਦਾ ਹੋਵੇਗਾ ਹੁਣ ਹਿਸਾਬ !ਅਦਾਲਤ ‘ਚ ਹੋਈ ਵੱਡੀ ਕਾਰਵਾਈ

Lakhimpur khiri ashish mishra chargsheet

ਬਿਊਰੋ ਰਿਪੋਰਟ : ਲਖੀਮਪੁਰ ਖੀਰੀ ਦੇ ਤਿਕੁਨਿਆ ਇਲਾਕੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੋਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਆਸ਼ੀਸ਼ ਮਿਸ਼ਰਾ ਸਮੇਤ 13 ਮੁਲਜ਼ਮਾਂ ‘ਤੇ 4 ਕਿਸਾਨਾਂ ਦੇ ਕਤਲ ਦਾ ਕੇਸ ਚੱਲੇਗਾ,ਇਸ ਮਾਮਲੇ ਵਿੱਚ ਇਲਜ਼ਾਮ ਤੈਅ ਕਰ ਦਿੱਤੇ ਗਏ ਹਨ । 16 ਦਸੰਬਰ ਤੋਂ ਟਰਾਇਲ ਵੀ ਸ਼ੁਰੂ ਹੋ ਜਾਵੇਗਾ ।

2021 ਵਿੱਚ ਕਿਸਾਨ ਅੰਦੋਲਨ ਦੌਰਾਨ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰਿਆ ਦੇ ਦੌਰੇ ਦਾ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਸਨ। ਇਲਜ਼ਾਮ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਆਸ਼ੀਸ਼ ਮਿਸ਼ਰਾ ਆਪਣੀ ਤੇਜ ਗੱਡੀ ‘ਤੇ ਸਾਥੀਆਂ ਨਾਲ ਆਇਆ ਅਤੇ 4 ਕਿਸਾਨਾਂ ਨੂੰ ਦਰੜ ਦਿੱਤਾ ਅਤੇ ਕਿਸਾਨਾਂ ਦੀ ਮੌਤ ਹੋ ਗਈ। ਦੁਰਘਟਨਾ ਦੇ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਗੱਡੀ ਚਲਾਉਣ ਵਾਲੇ ਅਤੇ ਬੀਜੇਪੀ ਦੇ 2 ਕਾਰਕਰਤਾਵਾਂ ਨਾਲ ਕੁੱਟਮਾਰ ਕੀਤੀ ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ । ਕਿਸਾਨ ਇਸ ਮਾਮਲੇ ਵਿੱਚ ਵਾਰ-ਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੋਨੀ ਦਾ ਅਸਤੀਫ਼ਾ ਮੰਗ ਰਹੇ ਸਨ ਪਰ ਹੁਣ ਤੱਕ ਅਸਤੀਫ਼ਾ ਨਹੀਂ ਹੋ ਸਕਿਆ ਹੈ ।

ਯੂਪੀ ਚੋਣਾਂ ਦੌਰਾਨ ਆਸ਼ੀਸ਼ ਮਿਸ਼ਰਾ ਜ਼ਮਾਨਤ ‘ਤੇ ਬਾਹਰ ਆਇਆ ਸੀ ਪਰ ਜਦੋਂ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਅਦਾਲਤ ਨੇ ਜ਼ਮਾਨਤ ਰੱਦ ਕਰਦੇ ਹੋਏ ਇਲਾਹਾਬਾਦ ਹਾਈਕੋਰਟ ਨੂੰ ਮੁੜ ਵਿਚਾਰ ਲਈ ਭੇਜ ਦਿੱਤਾ । ਇਸ ਤੋਂ ਬਾਅਦ ਇਲਾਹਾਬਾਦ ਹਾਈਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ।

ਇਸ ਤੋਂ ਪਹਿਲਾਂ ਬੀਤੇ ਦਿਨੀ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਏਡੀਜੇ ਅਦਾਲਤ ਨੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ 13 ਮੁਲਜ਼ਮਾਂ ਨੂੰ ਬਰੀ ਕਰਨ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਜ਼ਿਲ੍ਹਾ ਸਰਕਾਰ ਦੇ ਵਕੀਲ ਅਰਵਿੰਦ ਤ੍ਰਿਪਾਠੀ ਨੇ ਦੱਸਿਆ ਸੀ ਕਿ ‘ਦੋਸ਼ੀਆਂ ਦੇ ਵਕੀਲਾਂ ਨੇ ਅਦਾਲਤ ਵਿੱਚ ਡਿਸਚਾਰਜ ਲਈ ਅਰਜ਼ੀ ਦਾਇਰ ਕਰਕੇ ਐਸਆਈਟੀ ਵੱਲੋਂ ਲਗਾਈਆਂ ਗਈਆਂ ਧਾਰਾਵਾਂ ਨੂੰ ਚੁਣੌਤੀ ਦਿੱਤੀ ਸੀ, ਜਿਸ ਦਾ ਸਰਕਾਰੀ ਵਕੀਲ ਨੇ ਸਖ਼ਤ ਵਿਰੋਧ ਕੀਤਾ ਸੀ ।