‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਪੰਜਾਬ ਪੁਲਿਸ ਹੁਸ਼ਿਆਰੀ ਵਰਤਦੀ ਤਾਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲ ਅੱਖ ਝਪੱਕੇ ਨਾਲ ਹੀ ਫੜੇ ਜਾਂਦੇ। ਉਹਦੇ ਕਾਤਲ ਘੰਟਿਆਂ ਬੱਧੀ ਮਾਨਸੇ ਦੀਆਂ ਸੜਕਾਂ ਉੱਤੇ ਰਸਤਾ ਭੁੱਲ ਕੇ ਭਟਕਦੇ ਰਹੇ। ਉਂਝ, ਉਹ ਉਸ ਦਿਨ ਮੂਸੇਵਾਲਾ ਨੂੰ ਮਾਰਨ ਦੀ ਦਿਲ ਵਿੱਚ ਪੱਕੀ ਧਾਰ ਕੇ ਆਏ ਸਨ। ਜੇ ਸ਼ੁਭਦੀਪ ਉਸ ਦਿਨ ਥਾਰ ਜੀਪ ਦੀ ਥਾਂ ਬੁਲਟ ਪਰੂਫ ਗੱਡੀ ਵਿੱਚ ਨਿਕਲਦਾ ਤਦ ਉਨ੍ਹਾਂ ਨੇ ਗਰਨੇਡ ਨਾਲ ਹਮਲਾ ਕਰਕੇ ਜਾਨ ਲੈ ਲੈਣੀ ਸੀ। ਸ਼ੁਭਦੀਪ ਉਸ ਦਿਨ ਆਪਣੇ ਦੋ ਦੋਸਤਾਂ ਗੁਰਵਿੰਦਰ ਅਤੇ ਗੁਰਪ੍ਰੀਤ ਨਾਲ ਜਿਸ ਥਾਰ ਵਿੱਚ ਘਰੋਂ ਨਿਕਲਿਆ, ਉਹ ਮੂਸੇਵਾਲਾ ਜਾਂ ਉਹਦੇ ਪਰਿਵਾਰ ਦੇ ਨਾਂ ਨਹੀਂ ਬੋਲਦੀ। ਸਗੋਂ ਉਹ ਮੁਹਾਲੀ ਦੀ ਇੱਕ ਔਰਤ ਦੇ ਨਾਂ ਉੱਤੇ ਰਜਿਸਟਰਡ ਹੈ।

ਮਾਨਸਾ ਪੁਲਿਸ ਵੱਲੋਂ ਤਿਆਰ ਕੀਤੇ ਗਏ ਚਲਾਨ ਵਿੱਚ ਕਿਹਾ ਗਿਆ ਹੈ ਕਿ ਕਤਲ ਕਰਨ ਤੋਂ ਬਾਅਦ ਸਾਰੇ ਜਣੇ ਮਾਨਸਾ ਸਰਦੂਲਗੜ੍ਹ ਦੇ ਪੈਂਦੇ ਭਾਈਆਂ ਦੇ ਢਾਬੇ ਉੱਤੇ ਇਕੱਠੇ ਹੋਏ ਜਿੱਥੋਂ ਇਹ ਫਤਿਹਾਬਾਦ ਲਈ ਰਵਾਨਾ ਹੋਏ। ਜਿਸ ਗੱਡੀ ਵਿੱਚ ਉਹ ਫਤਿਹਾਬਾਦ ਨੂੰ ਗਏ ਉਹ ਗੋਲਡੀ ਬਰਾੜ ਵੱਲੋਂ ਭੇਜੀ ਗਈ ਸੀ। ਇਸ ਤੋਂ ਪਹਿਲਾਂ ਉਹ ਕਤਲ ਵਾਲੀ ਘਟਨਾ ਤੋਂ ਥੋੜੀ ਦੂਰ ਪਾਣੀ ਦੀ ਇੱਕ ਟੈਂਕੀ ਕੋਲ ਰੁਕ ਕੇ ਇਕੱਠੇ ਹੋਏ। ਉਹ ਬੇਖੌਫ਼ ਹੋ ਕੇ ਸੜਕਾਂ ਉੱਤੇ ਘੁੰਮਦੇ ਰਹੇ। ਮੀਡੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਟਨਾ ਤੋਂ ਬਾਅਦ ਮਾਨਸਾ ਜ਼ਿਲ੍ਹੇ ਵਿੱਚ ਕਾਤਲਾਂ ਨੂੰ ਫੜਨ ਲਈ ਕਿਤੇ ਵੀ ਕੋਈ ਨਾਕਾ ਜਾਂ ਬੈਰੀਕੇਡ ਲੱਗਾ ਨਹੀਂ ਵੇਖਿਆ। ਹਮਲਾਵਰਾਂ ਨੂੰ ਇੱਕ ਵਾਰ ਪੁਲਿਸ ਦੀ ਜਿਪਸੀ ਰਸਤੇ ਵਿੱਚ ਟੱਕਰੀ ਵੀ ਪਰ ਉਹ ਉਨ੍ਹਾਂ ਦੀ ਗੱਡੀ ਨੂੰ ਅਣਦੇਖਿਆ ਕਰਕੇ ਜਾਣੇ ਅਣਜਾਣੇ ਕੋਲ ਦੀ ਲੰਘ ਗਈ। ਹਮਲਾਵਰਾਂ ਦਾ ਕਿਉਂਕਿ ਪਿਛੋਕੜ ਅਪਰਾਧੀ ਹੈ, ਇਸ ਕਰਕੇ ਉਹ ਕਤਲ ਕਰਨ ਤੋਂ ਬਾਅਦ ਡਰੇ ਨਹੀਂ ਸਗੋਂ ਨਾਲ ਦੀ ਨਾਲ ਕੈਨੇਡਾ ਬੈਠੇ ਗੋਲਡੀ ਬਰਾੜ ਨੂੰ ਜਾਣਕਾਰੀ ਦਿੰਦੇ ਰਹੇ। ਕਾਤਲਾਂ ਵਿੱਚੋਂ ਦੋ ਜਣੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸਨ।

ਹੋਰ ਤਾਂ ਹੋਰ ਸਾਰੇ ਕਾਤਲ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋ ਗੱਡੀਆਂ ਵਿੱਚ ਭੱਜੇ। ਥੋੜੀ ਦੂਰ ਜਾ ਕੇ ਉਨ੍ਹਾਂ ਨੇ ਕਿਸੇ ਪਰਿਵਾਰ ਦੀ ਆਲਟੋ ਗੱਡੀ ਖੋਹ ਕੇ ਕਰੋਲਾ ਗੱਡੀ ਉੱਥੇ ਛੱਡ ਦਿੱਤੀ। ਉਸ ਤੋਂ ਬਾਅਦ ਰਸਤਾ ਭੁੱਲਣ ਕਰਕੇ ਦੋਹਾਂ ਗੱਡੀਆਂ ਵਿੱਚ ਬੈਠੇ ਹਮਲਾਵਰਾਂ ਨਾਲ ਰਾਬਤਾ ਤਾਂ ਟੁੱਟ ਗਿਆ ਸੀ। ਥੋੜੀ ਦੂਰ ਇੱਕ ਵੱਡੀ ਸੜਕ ਉੱਤੇ ਲਾਈਟਾਂ ਜਗਦੀਆਂ ਦੇਖ ਕੇ ਸਾਰਿਆਂ ਨੇ ਉੱਧਰ ਨੂੰ ਮੁਹਾਰਾਂ ਮੋੜ ਲਈਆਂ, ਜਿੱਥੇ ਉਨ੍ਹਾਂ ਦਾ ਮੁੜ ਤੋਂ ਮੇਲ ਹੋਇਆ।

ਹੈਰਾਨੀ ਦੀ ਗੱਲ ਇਹ ਕਿ ਕਾਤਲਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਥਿਆਰ ਰਸਤੇ ਵਿੱਚ ਸੁੱਟੇ ਨਹੀਂ ਸਗੋਂ ਕਈ ਦੂਰ ਤੱਕ ਨਾਲ ਲੈ ਕੇ ਗਏ। ਬਾਅਦ ਵਿੱਚ ਇਹ ਹਥਿਆਰ ਇੱਕ ਥਾਂ ਭੱਠੇ ਦੀਆਂ ਇੱਟਾਂ ਹੇਠ, ਦੂਜੇ ਥਾਂ ਬੰਜਰ ਖੇਤਾਂ ਵਿੱਚ ਲੱਗੇ ਬਿਜਲੀ ਦੇ ਖੰਭੇ ਦੀ ਨਿਸ਼ਾਨੀ ਰੱਖ ਕੇ ਅਤੇ ਤੀਜੇ ਥਾਂ ਇੱਕ ਟਾਹਲੀ ਹੇਠਾਂ ਕੱਪੜੇ ਵਿੱਚ ਲਪੇਟ ਕੇ ਦਬਾ ਦਿੱਤਾ ਗਿਆ। ਇਹ ਹਥਿਆਰ ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਬਾਅਦ ਵਿੱਚ ਬਰਾਮਦ ਕਰ ਲਏ। ਪੁਲਿਸ ਚਲਾਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਤਲਾਂ ਨੇ ਮੂਸੇਵਾਲਾ ਦੀ ਜਾਨ ਇੱਕ ਸੌਦੇ ਤਹਿਤ ਲਈ ਹੈ।

ਮੂਸੇਵਾਲਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਦੋ ਸਾਥੀ ਨਵਜੀਤ ਸਿੰਘ ਜੋਤੀ ਅਤੇ ਕੰਵਰ ਗਰੇਵਾਲ ਜਿਹੜੇ ਕਿ ਪੈਸੇ ਦੇ ਲਾਲਚ ਨੂੰ ਉਹਦੇ ਗਾਣੇ ਪਹਿਲਾਂ ਹੀ ਲੀਕ ਕਰਦੇ ਰਹੇ ਹਨ। ਪੁਲਿਸ ਚਲਾਨ ਵਿੱਚ ਮੂਸੇਵਾਲਾ ਦੇ ਘਰ ਦੇ ਮੂਹਰੇ ਰੇਕੀ ਕਰਨ ਵਾਲਿਆਂ ਦੇ ਨਾਂ ਵੀ ਦੱਸੇ ਗਏ ਹਨ ਅਤੇ ਕਾਤਲਾਂ ਵਿੱਚੋਂ ਇੱਕ ਜਣਾ ਉਹਦੇ ਘਰੋਂ ਉਦੋਂ ਚਾਹ ਪੀਂਦਾ ਵੀ ਦਿਸ ਰਿਹਾ ਹੈ ਜਦੋਂ ਉਸਨੇ ਕਾਂਗਰਸ ਦੀ ਟਿਕਟ ਉੱਤੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਚੋਣ ਲੜੀ ਸੀ।

ਪੰਜਾਬ ਪੁਲਿਸ ਸੂਬੇ ਦੀਆਂ ਹੱਦਾਂ ਸੀਲ ਕਰਨ ਵਿੱਚ ਜੁਟੀ ਰਹੀ ਜਦਕਿ ਹਮਲਾਵਰ ਗੁਆਂਢ ਵਿੱਚ ਘੁੰਮਦੇ ਰਹੇ ਕਿ ਪੁਲਿਸ ਉਸੇ ਵੇਲੇ ਨਾਕੇ ਲਾ ਕੇ ਘੇਰਾ ਪਾ ਲੈਂਦੀ ਤਾਂ ਕੀ ਮਜ਼ਾਲ ਸੀ ਕਿ ਉਹ ਬਚ ਨਿਕਲਦੇ। ਮੂਸੇਵਾਲੇ ਦੇ ਕਤਲ ਦੀ ਘਟਨਾ ਨਾਲ ਜਿੱਥੇ ਪੰਜਾਬ ਪੁਲਿਸ ਦੀ ਨਲਾਇਕੀ ਸਾਹਮਣੇ ਆਈ ਹੈ, ਉੱਥੇ ਇਸ ਨਾਲ ਲੋਕਾਂ ਦਾ ਪੁਲਿਸ ਉੱਤੇ ਭਰੋਸਾ ਵੀ ਉੱਠਿਆ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਸੱਪ ਲੰਘਣ ਤੋਂ ਬਾਅਦ ਹਾਲੇ ਤੱਕ ਲਕੀਰ ਪਿੱਟਦੀ ਨਜ਼ਰ ਆ ਰਹੀ ਹੈ।