Punjab

ਸਿੱਧੂ ਮੂਸੇਵਾਲਾ ਕਤਲ ਕੇਸ : ਛੇ ਜਣਿਆਂ ਦਾ ਪੁਲਿਸ ਨੂੰ ਮਿਲਿਆ ਰਿਮਾਂਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਸ਼ੂਟਰ ਦੀਪਕ ਮੁੰਡੀ, ਕਪਿਲ ਪੰਡਿਤ, ਰਾਜਿੰਦਰ ਜੋਕਰ ਤੇ ਬਿੱਟੂ ਸਿੰਘ ਦਾ ਮਾਨਸਾ ਪੁਲਿਸ ਨੂੰ 6 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ ਹੈ। ਹੁਣ ਇਨ੍ਹਾਂ ਨੂੰ 23 ਸਤੰਬਰ ਨੂੰ ਦੁਬਾਰਾ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਹਾਲ ਹੀ ਵਿਚ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਗਏ ਮਨਪ੍ਰੀਤ ਰੀਆ ਅਤੇ ਮਨਦੀਪ ਤੂਫਾਨ ਦਾ ਵੀ ਪੁਲਿਸ ਨੂੰ 7 ਦਿਨ ਦਾ ਰਿਮਾਂਡ ਮਿਲਿਆ ਹੈ। ਇਹਨਾਂ ਨੂੰ 24 ਸਤੰਬਰ ਨੂੰ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਮਨਪ੍ਰੀਤ ਰੀਆ ਅਤੇ ਮਨਦੀਪ ਤੂਫਾਨ ਦੋਵੇਂ ਹੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਖਾਸ ਦੱਸੇ ਜਾ ਰਹੇ ਹਨ। ਇਹਨਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ। ਮਾਨਸਾ ਪੁਲਿਸ ਵੱਲੋਂ ਅੱਜ ਪਹਿਲਾਂ ਇਹਨਾਂ ਦਾ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਚੈੱਕਅਪ ਕਰਵਾਇਆ ਗਿਆ ਅਤੇ ਬਾਅਦ ਵਿੱ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਇਹਨਾਂ ਦੋਹਾਂ ਦਾ 24 ਸਤੰਬਰ ਤੱਕ ਰਿਮਾਂਡ ਲਿਆ ਗਿਆ ਹੈ।

ਗੈਂਗਸਟਰ ਮਨਦੀਪ ਰਈਆ

ਮਨੀ ਰਈਆ ਅਤੇ ਮਨਦੀਪ ਤੂਫ਼ਾਨ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ। ਮਨਦੀਪ ਰਈਆ ਨੂੰ ਕੱਲ੍ਹ ਸਵੇਰੇ ਅਜਨਾਲਾ ਰੋਡ ‘ਤੇ ਪਿੰਡ ਕੁੱਕੜਵਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਨਦੀਪ ਤੂਫ਼ਾਨ ਨੂੰ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਤੜਕਸਾਰ ਕੀਤੀ ਗਈ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ।

ਗੈਂਗਸਟਰ ਮਨਦੀਪ ਤੂਫ਼ਾਨ

ਮਨੀ ਰਈਆ ਤੇ ਮਨਦੀਪ ਤੂਫ਼ਾਨ ਓਹੀ ਗੈਂਗਸਟਰ ਹਨ ਜਿਨ੍ਹਾਂ ਨੇ ਗੋਲੀਆਂ ਮਾਰ ਕੇ ਰਾਣਾ ਕੰਧੋਵਾਲੀਆ ਦਾ ਕਤਲ ਕੀਤਾ ਸੀ। ਪੁਲਿਸ ਨੂੰ ਪਿਛਲੇ ਡੇਢ ਸਾਲ ਤੋਂ ਜੱਗੂ ਭਗਵਾਨਪੁਰੀਆ ਦੇ ਪਿੰਡ ਖਾਸ ਖਿਲਚੀਆਂ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਤੇ ਮਨਦੀਪ ਤੂਫ਼ਾਨ ਦੀ ਤਲਾਸ਼ ਸੀ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਨੀ ਰਈਆ ਤੇ ਤੂਫ਼ਾਨ ਦਾ ਨਾਂ ਸਾਹਮਣੇ ਆਇਆ ਸੀ।  3 ਅਗਸਤ 2021 ਨੂੰ ਹੋਏ ਰਾਣਾ ਕੰਧੋਵਾਲੀਆ ਕਤਲ ਮਾਮਲੇ ਵਿੱਚ ਮਨੀ ਰਈਆ ਵਾਂਟੇਡ ਸੀ। ਕੰਧੋਵਾਲੀਆ ‘ਤੇ ਗੋਲੀਆਂ ਚਲਾਉਂਦੇ ਸਮੇਂ ਮਨੀ ਰਈਆ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਮਨੀ ਫਰਾਰ ਸੀ।