Punjab

ਕਾਠਗੜ੍ਹ ਟੋਲ ਪਲਾਜ਼ੇ ‘ਤੇ ਕਿਉਂ ਲੰਘਵਾਉਣੇ ਪਏ ਬਿਨਾਂ ਪਰਚੀ ਕਟਵਾਏ ਸਾਰੇ ਵਾਹਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਤੋਂ ਨਵਾਂਸ਼ਹਿਰ ਵਾਇਆ ਰੋਪੜ ਦੇ ਮੇਨ ਹਾਈਵੇਅ ‘ਤੇ ਪੈਂਦੇ ਕਾਠਗੜ੍ਹ ਟੋਲ ਪਲਾਜ਼ਾ ‘ਤੇ ਅੱਜ ਸਥਾਨਕ ਮੁਲਾਜ਼ਮਾਂ ਅਤੇ ਰੋਡਵੇਜ਼ ਬੱਸ ਦੇ ਡਰਾਈਵਰ ਦੇ ਨਾਲ ਖਹਿਬਾਜ਼ੀ ਹੋਣ ਕਾਰਨ ਵੱਡਾ ਜਾਮ ਲੱਗ ਗਿਆ। ਰੋਡਵੇਜ਼ ਬੱਸ ਦੇ ਡਰਾਈਵਰ ਨੇ ਟੋਲ ਪਲਾਜ਼ਾ ਦੇ ਅਧਿਕਾਰੀਆਂ ‘ਤੇ ਆਪਣੇ ਨਾਲ ਬਦਤਮੀਜ਼ੀ ਕਰਨ ਅਤੇ ਗਾਲ੍ਹਾਂ ਕੱਢਣ ਦੇ ਦੋਸ਼ ਲਗਾਏ। ਡਰਾਈਵਰ ਨੇ ਕਿਹਾ ਕਿ ਗਲਤੀ ਸਾਰੀ ਇਨ੍ਹਾਂ ਦੀ ਸੀ।

ਰੋਡਵੇਜ਼ ਬੱਸ ਦੇ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਦਾ ਫਾਸਟ ਟੈਗ ਸਕੈਨਰ ਸਿਸਟਮ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ। ਇਨ੍ਹਾਂ ਨੇ ਤਿੰਨ ਵਾਰ ਮਸ਼ੀਨ ਲਾਈ ਸੀ। ਫਿਰ ਬਾਅਦ ਵਿੱਚ ਇਨ੍ਹਾਂ ਨੇ ਮੈਨੂੰ ਕਿਹਾ ਕਿ ਪਰਚੀ ਲੈ ਲਓ ਪਰ ਮੈਂ ਪਰਚੀ ਨਹੀਂ ਲਈ ਕਿਉਂਕਿ ਸਾਡਾ ਫਾਸਟ ਟੈਗ ਲੱਗਾ ਸੀ। ਇਸ ਤੋਂ ਬਾਅਦ ਇਨ੍ਹਾਂ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਉਲਟਾ-ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਅਸੀਂ ਗੱਡੀ ਨਹੀਂ ਜਾਣ ਦੇਣੀ। ਡਰਾਈਵਰ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਿਸ ਵਿਅਕਤੀ ਨ ਗਾਲ੍ਹਾਂ ਕੱਢੀਆਂ ਸਨ, ਉਸਨੂੰ ਇਨ੍ਹਾਂ ਨੇ ਅੱਗੇ-ਪਿੱਛੇ ਕਰ ਦਿੱਤਾ ਹੈ। ਉਸ ਮੁਲਾਜ਼ਮ ਨੂੰ ਪੇਸ਼ ਨਹੀਂ ਕਰ ਰਹੇ।

ਬਾਅਦ ਵਿੱਚ ਡਰਾਈਵਰ ਇਸ ਗੱਲ ‘ਤੇ ਅੜ ਗਿਆ ਕਿ ਜਿਸਨੇ ਉਨ੍ਹਾਂ ਨੂੰ ਗਾਲ੍ਹ ਕੱਢੀ ਹੈ, ਉਹ ਜਨਤਕ ਤੌਰ ‘ਤੇ ਮੁਆਫੀ ਮੰਗੇ। ਪਰ ਮਾਮਲਾ ਉਦੋਂ ਸ਼ਾਂਤ ਹੋਇਆ ਜਦੋਂ ਟੋਲ ਪਲਾਜ਼ਾ ਦੇ ਬਾਕੀ ਮੁਲਾਜ਼ਮਾਂ ਨੇ ਡਰਾਈਵਰ ਤੋਂ ਮੁਆਫੀ ਮੰਗੀ ਹਾਲਾਂਕਿ ਗਾਲ੍ਹ ਕੱਢਣ ਵਾਲਾ ਮੁਲਾਜ਼ਮ ਤਾਂ ਗਾਇਬ ਰਿਹਾ। ਉੱਥੇ ਜਾਮ ਇੰਨਾ ਲੱਗ ਚੁੱਕਾ ਸੀ ਕਿ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੂੰ ਦੋਵੇਂ ਪਾਸਿਆਂ ਤੋਂ ਕਰੀਬ 100-150 ਵਾਹਨ ਬਿਨਾਂ ਪਰਚੀ ਕਟਵਾਏ ਹੀ ਲੰਘਵਾਉਣੇ ਪਏ ਅਤੇ ਰਸਤਾ ਖਾਲੀ ਕਰਵਾਇਆ ਗਿਆ।