Punjab

ਚੰਡੀਗੜ੍ਹ ਮੇਅਰ ਦੀ ਕੁਰਸੀ ਲਈ ਕਾਂਗਰਸ-AAP ਨੇ ਹੱਥ ਮਿਲਾਇਆ ! ਬੀਜੇਪੀ ਨੇ ਚੱਲੀ ਇਹ ਚਾਲ !

 

ਬਿਉਰੋ ਰਿਪੋਰਟ : ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਜਿੱਤਣ ਦੇ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਤਕਰੀਬਨ-ਤਕਰੀਬਨ ਹੱਥ ਮਿਲਾ ਲਿਆ ਹੈ । ਸਮਝੌਤੇ ਦੇ ਮੁਤਾਬਿਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੇਅਰ ਦੀ ਕੁਰਸੀ ਮਿਲੇਗੀ ਜਦਕਿ ਸੀਨੀਅਤ ਅਤੇ ਡਿਪਟੀ ਮੇਅਰ ਕਾਂਗਰਸ ਦੇ ਖਾਤੇ ਵਿੱਚ ਜਾਵੇਗਾ,ਜਦਕਿ ਲੋਕਸਭਾ ਚੋਣਾਂ ਦੇ ਦੌਰਾਨ ਆਪ ਦੇ ਕੌਂਸਲਰ ਕਾਂਗਰਸ ਨੂੰ ਹਮਾਇਤ ਦੇਣਗੇ । ਹਾਲਾਂਕਿ ਦੋਵਾਂ ਹੀ ਪਾਰਟੀਆਂ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ । ਪਰ ਸੂਤਰਾਂ ਮੁਤਾਬਿਕ ਦੋਵਾਂ ਪਾਰਟੀਆਂ ਨੇ ਮਿਲ ਕੇ ਇਹ ਹੀ ਸਿਆਸੀ ਫਾਰਮੂਲਾ ਤਿਆਰ ਕੀਤਾ ਹੈ । ਪਰ 18 ਜਨਵਰੀ ਨੂੰ ਮੇਅਰ ਦੀ ਚੋਣ ਦੌਰਾਨ ਕੁਝ ਵੀ ਹੋ ਸਕਦਾ ਹੈ ਇਸੇ ਲਈ ਸਾਰੀਆਂ ਹੀ ਪਾਰਟੀਆਂ ਨੇ ਕੌਂਸਲਰਾਂ ਦੀ ਖਰੀਦ ਫਿਰੋਕ ਰੋਕਣ ਦੇ ਲਈ ਆਪੋ-ਆਪਣੇ ਸੂਬਿਆਂ ਵਾਲੀ ਸਰਕਾਰਾਂ ਵਿੱਚ ਕੌਂਸਲਰਾਂ ਨੂੰ ਸ਼ਿਫਟ ਕਰ ਦਿੱਤਾ ਹੈ।

ਆਮ ਆਦਮੀ ਪਾਰਟੀ ਦੇ ਕੌਂਸਲਰ ਪਿਛਲੇ ਚਾਰ ਦਿਨ ਤੋਂ ਰੋਪੜ ਦੇ ਰਿਜ਼ਾਰਟ ਵਿੱਚ ਹਨ । ਕਾਂਗਰਸ ਨੇ ਆਪਣੇ 6 ਕੌਂਸਲਰਾਂ ਨੂੰ ਸ਼ਿਮਲਾ ਭੇਜ ਦਿੱਤਾ ਹੈ ਜਦਕਿ ਬੀਜੇਪੀ ਦੇ 14 ਕੌਂਸਲਰ ਵੀ ਹਰਿਆਣਾ ਪਹੁੰਚ ਗਏ ਹਨ ।

ਇਹ ਹੈ ਮੇਅਰ ਦੀ ਕੁਰਸੀ ਦਾ ਜੋੜ ਤੋੜ

ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਹਨ । ਮੇਅਰ ਦੀ ਚੋਣ ਦੇ ਲਈ 35 ਵੋਟਾਂ ਤੋਂ ਇਲਾਵਾ ਸ਼ਹਿਰ ਦੇ MP ਦਾ ਵੀ ਵੋਟ ਮੰਨਿਆ ਜਾਂਦਾ ਹੈ। ਇਸ ਹਿਸਾਬ ਨਾਲ ਬੀਜੇਪੀ ਦੇ ਕੋਲ 14,ਆਪ ਕੋਲ 13 ਅਤੇ ਕਾਂਗਰਸ ਦੇ ਕੋਲ 6 ਕੌਂਸਲਰ ਹਨ ਜਦਕਿ ਅਕਾਲੀ ਦਲ ਦੇ ਕੋਲ 1 ਕੌਂਸਲਰ ਹੈ। ਮੇਅਰ ਦੀ ਚੋਣ ਦੇ ਲਈ ਫਿਲਹਾਲ ਬੀਜੇਪੀ ਦਾ ਬਹੁਮਤ ਹੈ ਉਨ੍ਹਾਂ ਦੇ ਕੋਲ 14 ਕੌਂਸਲਰ ਅਤੇ ਇੱਕ ਐੱਮਪੀ ਕਿਰਨ ਖੇਰ ਦੀ ਵੋਟ ਹੈ । ਇਸ ਤੋਂ ਪਹਿਲਾਂ ਬੀਜੇਪੀ ਨੇ 2 ਵਾਰ ਸਰਬਜੀਤ ਕੌਰ ਅਤੇ ਅਨੂਪ ਗੁਪਤਾ ਨੂੰ 1-1 ਸਾਲ ਦੇ ਲਈ ਮੇਅਰ ਚੁਣਿਆ ਸੀ। ਪਰ ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਹੱਥ ਮਿਲਾ ਲਿਆ ਹੈ । ਜੇਕਰ ਦੋਵੇ ਮਿਲ ਜਾਂਦੇ ਹਨ ਤਾਂ ਕੌਂਸਲਰਾਂ ਦੀ ਗਿਣਤੀ 19 ਤੱਕ ਪਹੁੰਚ ਜਾਵੇਗੀ ਅਤੇ ਸਾਰੇ ਅਹੁਦਿਆਂ ‘ਤੇ ਦੋਵਾਂ ਪਾਰਟੀ ਦੇ ਉਮੀਦਵਾਰਾਂ ਦਾ ਕਬਜ਼ਾ ਹੋਵੇਗਾ।

ਪਾਰਟੀਆਂ ਨੂੰ ਬਗਾਵਤ ਦਾ ਖਤਰਾ ਕਿਉਂ ?

ਚੰਡੀਗੜ੍ਹ ਨਗਰ ਨਿਗਮ ਵਿੱਚ ਦਲ ਬਦਲੂ ਕਾਨੂੰਨ ਲਾਗੂ ਨਹੀਂ ਹੁੰਦਾ ਹੈ ਇਸੇ ਲਈ ਅਖੀਰਲੇ ਮੌਕੇ ਇੱਥੇ ਕੌਂਸਲਰ ਪਾਲਾ ਬਦਲ ਲੈਂਦੇ ਹਨ। ਚੰਡੀਗੜ੍ਹ ਨਗਰ ਨਿਗਮ ਦਾ ਇਤਿਹਾਸ ਰਿਹਾ ਹੈ ਕਿ 1 ਪਾਰਟੀ ਦੇ ਕੌਂਸਲਰ ਦਾ ਵੀ ਮੇਅਰ ਬਣਿਆ ਹੋਇਆ ਹੈ। ਇਸੇ ਲਈ ਕਿਸੇ ਵੀ ਪਾਰਟੀ ਦੇ ਕੋਲ ਮੌਜੂਦਾ ਕਿੰਨੇ ਕੌਂਸਲਰ ਹਨ ਇਹ ਮਾਇਨੇ ਨਹੀਂ ਰੱਖ ਦਾ ਹੈ,ਉਸ ਦਿਨ ਕਿਹੜੀ ਪਾਰਟੀ ਦੀ ਸਿਆਸੀ ਚਾਲ ਫਿੱਟ ਬੈਠ ਦੀ ਹੈ ਉਹ ਮਾਇਨੇ ਰੱਖ ਦੀ ਹੈ । ਬੁੱਧਵਾਰ ਨੂੰ ਬੀਜੇਪੀ ਨੇ ਆਪ ਦੇ ਕੌਂਸਲਰ ਲਖਬੀਰ ਸਿੰਘ ਬਿੱਲੂ ਨੂੰ ਆਪਣੇ ਪਾਲੇ ਵਿੱਚ ਕੀਤਾ ਤਾਂ ਸ਼ਨਿੱਚਰਵਾਰ ਨੂੰ ਨਾਮਜ਼ਦਗੀ ਵਾਲੇ ਦਿਨ ਆਪ ਨੇ ਬੀਜੇਪੀ ਦੇ ਕੌਂਸਲਰ ਗੁਰਚਰਨ ਸਿੰਘ ਕਾਲਾ ਨੂੰ ਆਪਣੇ ਪਾਲੇ ਵਿੱਚ ਕਰ ਲਿਆ । ਕਾਲਾ ਨੇ ਦੂਜੀ ਵਾਰ ਪਾਲਾ ਬਦਲਿਆ ਹੈ । ਇਸ ਤੋਂ ਪਹਿਲਾਂ ਉਹ ਕਾਂਗਰਸ ਦੇ ਕੌਂਸਲਰ ਸਨ । ਗੁਰਚਰਨ ਸਿੰਘ ਕਾਲਾ ਦੇ ਆਪ ਵਿੱਚ ਸ਼ਾਮਲ ਹੋਣ ਤੋਂ ਕੁਝ ਮਿੰਟਾ ਪਹਿਲਾਂ ਉਨ੍ਹਾਂ ਦੇ ਪੁੱਤਰ ਨੇ ਆਪਣੇ ਪਿਤਾ ਦੀ ਕਿਡਨੈਪਿੰਗ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਸੀ । ਪਰ ਪਿਤਾ ਨੇ ਇਸ ਨੂੰ ਅਫ਼ਵਾਹ ਦੱਸਿਆ ਸੀ ।