‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ, ਜਿਨ੍ਹਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੈਪਟਨ ਦੀ ਕਾਂਗਰਸ ਨਾਲ ਪਰਦੇ ਪਿੱਛੇ ਕੋਈ ਗੱਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਨਾਲ ਸੁਲ੍ਹਾਹ ਸਫਾਈ ਦਾ ਸਮਾਂ ਬਦਲ ਗਿਆ ਹੈ। ਕਾਂਗਰਸ ਛੱਡਣ ਦੇ ਫੈਸਲੇ ਵਿੱਚ ਹੁਣ ਕੋਈ ਫੇਰਬਦਲ ਨਹੀਂ ਹੋਣ ਵਾਲਾ ਹੈ।
ਕੈਪਟਨ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਬਿਨਾਂ ਦੇਰੀ ਨਵੀਂ ਰਾਜਨੀਤਕ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਤੇ ਉਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਇੱਕ ਮਜਬੂਤ ਸਮੂਹਿਕ ਸ਼ਕਤੀ ਦਾ ਗਠਨ ਹੋ ਜਾਵੇ।
ਕੈਪਟਨ ਦੇ ਮੀਡੀਆ ਸਲਾਹਕਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਟਵਿੱਟਰ ਉੱਤੇ ਲਿਖਿਆ ਹੈ ਕਿ ਕਾਂਗਰਸ ਨਾਲ ਪਿਛਲੇ ਦਰਵਾਜੇ ਤੋਂ ਗੱਲਬਾਤ ਦੀਆਂ ਖਬਰਾਂ ਗਲਤ ਹਨ। ਹੁਣ ਸਮਾਂ ਨਹੀਂ ਰਿਹਾ ਕਿ ਕੋਈ ਸੁਲ੍ਹਾ ਸਫਾਈ ਕੀਤੀ ਜਾਵੇ। ਪਾਰਟੀ ਤੋਂ ਵੱਖ ਹੋਣ ਦਾ ਫੈਸਲਾ ਸੋਚ ਸਮਝ ਕੇ ਲਿਆ ਗਿਆ ਹੈ ਤੇ ਇਹ ਆਖਰੀ ਫੈਸਲਾ ਹੈ। ਮੈਂ ਸੋਨੀਆਂ ਗਾਂਧੀ ਦੇ ਸਮਰਥਨ ਦਾ ਸ਼ੁੱਕਰਗੁਜ਼ਾਰ ਹਾਂ, ਪਰ ਹੁਣ ਕਾਂਗਰਸ ਵਿੱਚ ਹੋਰ ਨਹੀਂ ਰੁਕ ਸਕਦਾ।