Punjab

“ਗਣਤੰਤਰ ਦਿਵਸ ਵੇਲੇ ਪੰਜਾਬ ਦੀ ਝਾਕੀ ਨੂੰ ਰੱਦ ਕਰਨਾ ਮੰਦਭਾਗਾ,ਕੇਂਦਰ ਕਰ ਰਿਹਾ ਪੰਜਾਬ ਨਾਲ ਧੋਖਾ”,ਮੁੱਖ ਮੰਤਰੀ ਪੰਜਾਬ

ਚੰਡੀਗੜ੍ਹ : ਦੇਸ਼ ਦੇ ਗਣਤੰਤਰ ਦਿਹਾੜੇ ਤੇ ਹੋਣ ਵਾਲੀ ਪਰੇਡ ਚੋਂ ਪੰਜਾਬ ਦਾ ਝਾਕੀ ਨੂੰ ਮਨਜ਼ੂਰੀ ਨਾ ਮਿਲਣ ਦਾ ਵਿਆਪਕ ਵਿਰੋਧ ਹੋਇਆ ਹੈ ਤੇ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਇਸ ਮਾਮਲੇ ਵਿੱਚ ਆਪਣੇ ਵਿਚਾਰ ਰੱਖੇ ਹਨ।

ਉਹਨਾਂ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬ ਦਾ 90 ਫੀਸਦੀ ਯੋਗਦਾਨ ਹੈ ਪਰ ਗਣਤੰਤਰ ਦਿਵਸ ਵੇਲੇ ਪੰਜਾਬ ਦੀ ਝਾਕੀ ਨੂੰ ਰੱਦ ਕਰਨਾ ਮੰਦਭਾਗਾ ਹੈ । ਭਾਜਪਾ ‘ਤੇ ਨਿਸ਼ਾਨਾ ਲਾਉਂਦੇ ਹੋਏ ਉਹਨਾਂ ਕਿਹਾ ਹੈ ਕਿ ਇਸ ਤੋਂ ਜਿਆਦਾ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਤੇ ਇਸ ਤੋਂ ਭਾਜਪਾ ਦੀ ਸਿੱਖ ਵਿਰੋਧੀ ਸੋਚ ਉਜਾਗਰ ਹੁੰਦੀ ਹੈ।

ਉਹਨਾਂ ਕਿਹਾ ਕਿ ਦੇਸ਼ ਦੇ ਆਜਾਦੀ ਸਮਾਗਮਾਂ ਵੇਲੇ ਪੰਜਾਬ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਭਾਜਪਾ ਵਿੱਚ ਸ਼ਾਮਲ ਹੋਏ ਲੀਡਰਾਂ ਬਾਰੇ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ  ਇਹਨਾਂ ਕੋਲ ਹਿਮੰਤ ਨਹੀਂ ਹੈ ਕਿ ਉਹ ਇਸ ਸੰਬੰਧ ਵਿੱਚ ਉੱਚ ਪੱਧਰ ‘ਤੇ ਗੱਲ ਕਰ ਸਕਣ। ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਆਜ਼ਾਦੀ ਨੂੰ ਸੰਭਾਲਣ ਤੱਕ ਲਈ ਪੰਜਾਬੀ ਹਮੇਸ਼ਾ ਅੱਗੇ ਹੁੰਦੇ ਹਨ। ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੀ ਇਹ ਝਾਕੀ ਰੱਦ ਕਰ ਕੇ ਪੰਜਾਬੀਅਤ ਨਾਲ ਧੋਖਾ ਕੀਤਾ ਹੈ ।