India Punjab

ਗਣਤੰਤਰ ਦਿਵਸ ਪਰੇਡ ‘ਚ ਨਹੀਂ ਦਿਸੇਗੀ ਪੰਜਾਬ ਦੀ ਝਾਕੀ , ਰੱਖਿਆ ਮੰਤਰਾਲੇ ਵੱਲੋਂ ਨਹੀਂ ਮਿਲੀ ਮਨਜ਼ੂਰੀ !

ਨਵੀਂ ਦਿੱਲੀ :  ਇਸ ਵਾਰ ਗਣਤੰਤਰ ਦਿਵਸ ਪਰੇਡ ( Republic Day parade )ਵਿੱਚ 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 23 ਝਾਕੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਛੇ ਝਾਕੀਆਂ ਵੀ ਪਰੇਡ ਵਿੱਚ ਸ਼ਾਮਿਲ ਕੀਤੀਆਂ ਜਾਣਗੀਆਂ । ਇਹ ਝਾਕੀਆਂ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ, ਆਰਥਿਕ ਅਤੇ ਸਮਾਜਿਕ ਤਰੱਕੀ ਅਤੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਦਰਸਾਉਂਦੀ ਹੈ। ਪਰ ਇਸ ਸਾਲ ਪੰਜਾਬ ਦੀ ਝਾਕੀ  ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਿਲ ਨਹੀਂ ਹੋਵੇਗੀ।

ਕੇਂਦਰ ਸਰਕਾਰ ਨੇ ਪੰਜਾਬ ਵੱਲੋਂ 74ਵੇਂ ਗਣਤੰਤਰ ਦਿਵਸ ਲਈ ਭੇਜੀ ਝਾਕੀ ਰੱਦ ਕਰ ਦਿੱਤੀ ਹੈ। ਸਾਲ 2017 ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਨੂੰ ਆਜ਼ਾਦੀ ਦੀ ਲੜਾਈ ਵਿੱਚ ਪਾਏ ਯੋਗਦਾਨ ਤੇ ਆਪਣੇ ਸੱਭਿਆਚਾਰ ਤੇ ਰਵਾਇਤ ਨੂੰ ਵਿਖਾਉਣ ਦਾ ਮੌਕਾ ਨਹੀਂ ਮਿਲੇਗਾ।

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ‘ਇੰਡੀਆ ਐਟ 75: ਫ੍ਰੀਡਮ ਸਟ੍ਰਗਲ’ ਤੇ ਦੇਸ਼ ਲਈ ਪੰਜਾਬ ਦਾ ਯੋਗਦਾਨ ਵਿਸ਼ੇ ’ਤੇ ਅਧਾਰਿਤ ਤਿੰਨ ਝਾਕੀਆਂ ਦਾ ਵਿਚਾਰ ਦਿੱਤਾ ਸੀ, ਜਿਸ ਨੂੰ ਮੋਦੀ ਸਰਕਾਰ ਨੇ ਖਾਰਜ ਕਰ ਦਿੱਤਾ। ਇਸ ਵਾਰ ਗਣਤੰਤਰ ਦਿਵਸ ਪਰੇਡ ਮੌਕੇ ਅਸਾਮ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਗੁਜਰਾਤ, ਪੱਛਮੀ ਬੰਗਾਲ ਸਮੇਤ ਕਈ ਹੋਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਰਾਜਾਂ ਦੀਆਂ ਝਾਕੀਆਂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਣਗੀਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਝਾਕੀਆਂ ਦਾ ਵਿਸ਼ਾ ‘ਨਾਰੀ ਸ਼ਕਤੀ’ ਹੈ। ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਭਾਰਤ ਦੇ ਵਿਰਸੇ, ਅਰਥਚਾਰੇ ਅਤੇ ਸਮਾਜਿਕ ਤਰੱਕੀ ਨੂੰ ਦਰਸਾਉਂਦੀਆਂ 23 ਝਾਕੀਆਂ 26 ਜਨਵਰੀ ਦੀ ਪਰੇਡ ਦਾ ਹਿੱਸਾ  ਹੋਣਗੀਆਂ।

ਇਨ੍ਹਾਂ ਝਾਕੀਆਂ ਵਿੱਚੋਂ 17 ਵੱਖ ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਰਾਜਾਂ ਅਤੇ ਛੇ ਝਾਕੀਆਂ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਸਬੰਧਤ ਹੋਣਗੀਆਂ। ਗਣਤੰਤਰ ਦਿਵਸ ਪਰੇਡ ਲਈ ਭਲਕੇ ਸੋਮਵਾਰ ਨੂੰ ਫੁੱਲ ਡਰੈੱਸ ਰਿਹਰਸਲ ਹੋਵੇਗੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਦੋ ਝਾਕੀਆਂ ਕੱਢੀਆਂ ਜਾਣਗੀਆਂ, ਜਿਸ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅਤੇ ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀਏਪੀਐੱਫ) ਦੀ ਇੱਕ-ਇੱਕ ਝਾਕੀ ਸ਼ਾਮਲ ਹੈ। ਅਧਿਕਾਰੀ ਅਨੁਸਾਰ ਐਤਕੀਂ ਰੇਲ ਮੰਤਰਾਲੇ ਵੱਲੋਂ ਕੋਈ ਝਾਕੀ ਨਹੀਂ ਕੱਢੀ ਜਾਵੇਗੀ।

ਹਰਿਆਣਾ ਦੀ ਝਾਕੀ ਦਾ ਵਿਸ਼ਾ ਕੌਮਾਂਤਰੀ ਗੀਤਾ ਮਹਾਉਤਸਵ ਨੂੰ ਸਮਰਪਿਤ ਭਗਵਾਨ ਕ੍ਰਿਸ਼ਨ ਦਾ ‘ਵਿਰਾਟ ਸਰੂਪ’ ਹੋਵੇਗਾ। ਪਿਛਲੇ ਸਾਲ ਰਾਜਪਥ ਦਾ ਨਾਂ ਬਦਲ ਕੇ ‘ਕਰਤੱਵਯ ਪਥ’ ਕਰਨ ਮਗਰੋਂ ਇਹ ਪਹਿਲਾਂ ਗਣਤੰਤਰ ਦਿਵਸ ਸਮਾਰੋਹ ਹੋਵੇਗਾ।