Punjab

ਅੰਮ੍ਰਿਤਸਰ ਦੇ ਗੰਨ ਹਾਊਸ ’ਚ ਚੋਰੀ, ਕੰਧ ਪਾੜ ਕੇ 8 ਪਿਸਤੌਲ, ਤਿੰਨ ਬੰਦੂਕਾਂ, ਕਾਰਤੂਸ ਤੇ 6 ਲੱਖ ਦੀ ਨਕਦੀ ਲੈ ਗਏ ਚੋਰ…

Burglary in gun house of Amritsar, thieves took 8 pistols, three guns, cartridges and 6 lakh cash by tearing the wall...

ਪੰਜਾਬ ਵਿੱਚ ਦਿਨੋਂ-ਦਿਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ  ਗੰਨ ਹਾਊਸ ਨੂੰ ਆਪਣਾ ਨਿਸ਼ਾਨਾ ਬਣਾਇਆ। ਜਾਣਕਾਰੀ ਮੁਤਾਬਕ  ਥਾਣਾ ਸਿਵਲ ਲਾਈਨ ਅਧੀਨ ਪੈਂਦੇ ਇਲਾਕੇ ਕੋਰਟ ਰੋਡ ’ਤੇ ਸਥਿਤ ਗੰਨ ਹਾਊਸ ’ਚ ਸੰਨ੍ਹਮਾਰੀ ਕਰਦੇ ਹੋਏ ਅਣਪਛਾਤੇ ਨੌਜਵਾਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।

ਮੁਲਜ਼ਮ ਦੁਕਾਨ ’ਚੋਂ ਅੱਠ 12 ਬੋਰ ਦੇ 8 ਪਿਸਤੌਲ, ਤਿੰਨ ਪੰਪ ਬੰਦੂਕਾਂ, 6 ਲੱਖ ਰੁਪਏ ਦੀ ਨਕਦੀ ਅਤੇ 18 ਕਾਰਤੂਸ ਚੋਰੀ ਕਰ ਕੇ ਫ਼ਰਾਰ ਹੋ ਗਏ। ਮੁਲਜ਼ਮ ਪਹਿਲਾਂ ਹੀ ਨਾਲ ਲੱਗਦੀ ਮਾਡਰਨ ਇਲੈਕਟ੍ਰਿਕ ਕੰਪਨੀ ਦੀ ਦੁਕਾਨ ਦੇ ਨਾਲ ਲੱਗਦੀ ਛੱਤ ਰਾਹੀਂ ਅੰਦਰ ਦਾਖ਼ਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਦੁਕਾਨ ’ਚ ਵੜ ਕੇ ਡਰਿੱਲ ਮਸ਼ੀਨ ਨਾਲ ਗੰਨ ਹਾਊਸ ਦੀ ਕੰਧ ਵਿਚ ਮੋਰ੍ਹੀ ਕਰ ਦਿੱਤੀ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਨੇੜੇ ਦੇ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਦੋ ਨੌਜਵਾਨ ਦੁਕਾਨ ’ਚ ਵੜਦੇ ਦੇਖੇ ਗਏ। ਸਿਰਫ਼ ਇਕ ਨੌਜਵਾਨ ਗੰਨ ਹਾਊਸ ਵਿਚ ਵੜਿਆ ਅਤੇ ਉਸ ਨੇ ਹੀ ਇਹ ਵਾਰਦਾਤ ਕੀਤੀ। ਪੁਲਿਸ ਨੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਏਡੀਸੀਪੀ ਪ੍ਰਗਿਆਨ ਜੈਨ, ਏਡੀਸੀਪੀ ਨਵਜੋਤ ਸਿੰਘ ਸੰਧੂ, ਏਸੀਪੀ ਵਰਿੰਦਰ ਖੋਸਾ, ਥਾਣਾ ਸਿਵਲ ਲਾਈਨ ਦੇ ਇੰਚਾਰਜ ਜਸਵੀਰ ਸਿੰਘ, ਸੀਆਈਏ ਸਟਾਫ ਇੰਚਾਰਜ ਅਮੋਲਕਦੀਪ ਸਿੰਘ ਅਤੇ ਸੀਆਈਏ 2 ਦੇ ਇੰਚਾਰਜ ਰਾਜੇਸ਼ ਸ਼ਰਮਾ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਗੰਨ ਹਾਊਸ ਦੇ ਮਾਲਕ ਸੁਰੇਸ਼ ਅਰੋੜਾ ਵਾਸੀ ਸਹਿਜ ਇਨਕਲੇਵ, ਮਜੀਠਾ ਰੋਡ ਨੇ ਦੱਸਿਆ ਕਿ ਉਹ ਮੰਗਲਵਾਰ ਸ਼ਾਮ ਨੂੰ ਗੰਨ ਹਾਊਸ ਬੰਦ ਕਰ ਕੇ ਚਲਾ ਗਿਆ। ਜਦੋਂ ਉਨ੍ਹਾਂ ਨੇ ਬੁੱਧਵਾਰ ਸਵੇਰੇ ਗੰਨ ਹਾਊਸ ਖੋਲ੍ਹਿਆ ਤਾਂ ਚੋਰੀ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਗੰਨ ਹਾਊਸ ਵਿਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਜਿਨ੍ਹਾਂ ਵਿਚ ਚੋਰੀ ਦੀ ਘਟਨਾ ਕੈਦ ਹੋ ਗਈ ਹੈ। ਦੋ ਮੁਲਜ਼ਮਾਂ ਵਿੱਚੋਂ ਇਕ ਦੁਕਾਨ ਦੇ ਬਾਹਰ ਅਤੇ ਦੂਜਾ ਦੁਕਾਨ ਦੇ ਅੰਦਰ ਰਿਹਾ। ਕਰੀਬ 2 ਵਜੇ ਇਕ ਨੌਜਵਾਨ ਦੁਕਾਨ ’ਚ ਵੜਿਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ।

ਏਡੀਸੀਪੀ ਪ੍ਰਗਿਆ ਜੈਨ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਉਨ੍ਹਾਂ ਪੁਲਿਸ ਟੀਮਾਂ ਨੂੰ ਮੰਗਲਵਾਰ ਰਾਤ 10 ਵਜੇ ਤੋਂ ਸਵੇਰੇ 3 ਵਜੇ ਤੱਕ ਆਸ-ਪਾਸ ਦੇ ਸਾਰੇ ਸੀਸੀਟੀਵੀ ਚੈੱਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਆਸ-ਪਾਸ ਦੇ ਸੀਸੀਟੀਵੀ ਵੀ ਜਾਂਚ ਕਰ ਰਹੀ ਹੈ।

ਸੁਰੇਸ਼ ਕੁਮਾਰ ਅਰੋੜਾ ਅਨੁਸਾਰ 30 ਜੁਲਾਈ 2023 ਨੂੰ ਉਨ੍ਹਾਂ ਦੀ ਦੁਕਾਨ ’ਤੇ ਵੀ ਇਸੇ ਤਰ੍ਹਾਂ ਦੀ ਚੋਰੀ ਹੋਈ ਸੀ। ਮੁਲਜ਼ਮ ਇਸੇ ਤਰ੍ਹਾਂ ਨਾਲ ਲੱਗਦੀ ਦੁਕਾਨ ਵਿਚ ਦਾਖ਼ਲ ਹੋਏ ਅਤੇ ਦੁਕਾਨ ਦੀ ਕੰਧ ਵਿਚ ਵੱਡਾ ਪਾੜ ਬਣਾ ਕੇ ਅੰਦਰ ਦਾਖ਼ਲ ਹੋ ਗਏ। ਇਸ ਦੌਰਾਨ ਮੁਲਜ਼ਮ ਦੁਕਾਨ ਤੋਂ ਹਥਿਆਰ ਤਾਂ ਨਹੀਂ ਲਿਜਾ ਸਕੇ ਪਰ ਕੁਝ ਨਕਦੀ ਲੈ ਗਏ। ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਦੋਂ ਤੋਂ ਇਹ ਮਾਮਲਾ ਅਨਟਰੇਸ ਹੀ ਰਿਹਾ। ਕਰੀਬ ਸੱਤ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।