Punjab

ਸ਼ੁਭਕਰਨ ਦੀ ਮੌਤ ਦਾ ਮਾਮਲਾ : ਪੀੜਤ ਪਰਿਵਾਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

Punjab government Financial help to the family of Shubhkaran Singh

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼ੰਭੂ ਬਾਰਡਰ ਉੱਤ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ  ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਮਦਦ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਪੀੜਤ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਮਾਲੀ ਮਦਦ ਤੇ ਸ਼ੁਭਕਰਨ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਐਕਸ ਅਕਾਉਂਟ ਉੱਤੇ ਟਵੀਟ ਕਰਕੇ ਸਾਂਝੀ ਕੀਤੀ ਹੈ।

ਮੁੱਖ ਮੰਤਰੀ ਮਾਨ ਨੇ ਐਕਸ  ਉੱਤੇ ਟਵੀਟ ਕਰਦਿਆਂ ਕਿਹਾ ਹੈ ਕਿ ‘ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ..ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ..ਫਰਜ਼ ਨਿਭਾ’

ਬੇਸ਼ੱਕ ਪੰਜਾਬ ਸਰਕਾਰ ਨੇ ਸ਼ੁਭਕਰਨ ਦੇ ਪਰਿਵਾਰ ਲਈ ਮਾਲੀ ਮਦਦ ਦਾ ਐਲਾਨ ਕਰ ਦਿੱਤਾ ਪਰ ਇਸ ਮਾਮਲੇ ਵਿੱਚ ਸਰਕਾਰ ਨੇ ਕਿਸਾਨਾਂ ਦੀ ਮੁੱਖ ਮੰਗਾਂ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਉੱਤੇ ਪਰਚਾ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਹਾਲੇ ਵੀ ਚੁੱਪੀ ਧਾਰੀ ਹੋਈ ਹੈ। ਇਨ੍ਹਾਂ ਹੀ ਨਹੀਂ ਕਿਸਾਨਾਂ ਦੀ ਮੰਗ ਸ਼ੁਭਕਰਨ ਨੂੰ ਸ਼ਹੀਦ ਦਾ ਦਰਜ ਐਲਾਨਣ ਦੀ ਮੰਗ ਉੱਤੇ ਵੀ ਪੰਜਾਬ ਸਰਕਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ। ਹਲਾਂਕਿ ਬੀਤੀ ਸ਼ਾਮ ਕਿਸਾਨ ਮੋਰਚੇ ਦੇ ਆਗੂਆਂ ਦੀ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਇਹ ਸਾਰੀਆਂ ਮੰਗਾ ਲਈ ਸਹਿਮਤੀ ਜਤਾਈ ਗਈ ਸੀ। ਕਿਸਾਨ ਆਗੂ ਪੰਧੇਰ ਨੇ ਖੁਦ ਮੀਡੀਆ ਨੂੰ ਇਸਦੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਪਹਿਲਾਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਸਰਕਾਰ ਸ਼ੁਭਕਰਨ ਦੇ ਜਲਦੀ ਸਸਕਾਰ ਕਰਨ ਲਈ ਪਰਿਵਾਰ ਉੱਤੇ ਦਬਾਅ ਬਣਾ ਰਹੀ ਹੈ।

21 ਫਰਵਰੀ ਨੂੰ ਸ਼ੁਭਕਰਨ ਦੀ ਹੋਈ ਸੀ ਮੌਤ

ਸ਼ੁਭਕਰਨ ਸਿੰਘ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ।  ਸ਼ੁਭਕਰਨ ਅੰਦੋਲਨਕਾਰੀ ਕਿਸਾਨਾਂ ਨਾਲ ਖਨੌਰੀ ਸਰਹੱਦ ‘ਤੇ ਮੌਜੂਦ ਸੀ। ਜਦੋਂ ਕਿਸਾਨਾਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਬੰਬ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਹਫੜਾ-ਦਫੜੀ ਦੇ ਮਾਹੌਲ ਵਿਚ ਸ਼ੁਭਕਰਨ ਸਿੰਘ ਉਸ ਸਮੇਂ ਡਿੱਗ ਪਿਆ ਜਦੋਂ ਉਸ ਦੇ ਸਿਰ ਦੇ ਪਿਛਲੇ ਹਿੱਸੇ ਵਿਚ ਅਚਾਨਕ ਕੋਈ ਚੀਜ਼ ਵੱਜ ਗਈ। ਸਾਥੀ ਕਿਸਾਨ ਉਸ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸ਼ੁਭਕਰਨ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮਾਤਾ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਦਾਦੀ ਸੁਖਜੀਤ ਕੌਰ ਨੇ ਤਿੰਨਾਂ ਬੱਚਿਆਂ ਦਾ ਪਾਲਣ-ਪੋਸਣ ਕੀਤਾ। ਸ਼ੁਭਕਰਨ ਦੀ ਵੱਡੀ ਭੈਣ ਗੁਰਪ੍ਰੀਤ ਕੌਰ ਵਿਆਹੀ ਹੋਈ ਹੈ ਜਦਕਿ ਛੋਟੀ ਭੈਣ ਜਸਪ੍ਰੀਤ ਕੌਰ ਇਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਸ਼ੁਭਕਰਨ ਖੁਦ ਅਣਵਿਆਹਿਆ ਸੀ। ਸ਼ੁਭਕਰਨ ਦੇ ਪਿਤਾ ਚਰਨਜੀਤ ਸਿੰਘ ਬੱਲੋ ਪਿੰਡ ਵਿੱਚ ਡੇਢ ਕਿੱਲੇ ਜ਼ਮੀਨ ਦੇ ਮਾਲਕ ਹਨ। ਉਹ ਇਸ ਜ਼ਮੀਨ ‘ਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਸ਼ੁਭਕਰਨ ਆਪਣੇ ਪਿਤਾ ਦੀ ਖੇਤੀ ਵਿੱਚ ਮਦਦ ਕਰਦਾ ਸੀ ਅਤੇ ਉਸਦਾ ਪਰਿਵਾਰ ਕੱਚੇ ਘਰ ਵਿੱਚ ਰਹਿੰਦਾ ਹੈ। ਪਰਿਵਾਰ ਦੇ ਸਿਰ 18 ਲੱਖ ਰੁਪਏ ਦਾ ਕਰਜ਼ਾ ਹੈ।