India

ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਨਾਲ 7 ਔਰਤਾਂ ਦੀ ਹੋਈ ਮੌਤ

‘ਦ ਖ਼ਾਲਸ ਬਿਊਰੋ:- ਤਾਮਿਲਨਾਡੂ ਦੇ ਕੁੱਡਲੌਰ ਜ਼ਿਲ੍ਹੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਸੱਤ ਔਰਤਾਂ ਦੀ ਮੌਤ ਹੋ ਗਈ ਹੈ।  ਹਾਦਸੇ ’ਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਮਰਨ ਵਾਲਿਆਂ ’ਚ ਪਟਾਕਾ ਫੈਕਟਰੀ ਦੀ ਮਾਲਕ ਮਹਿਲਾ ਤੇ ਉਸ ਦੀ ਧੀ ਵੀ ਸ਼ਾਮਲ ਹਨ। ਧਮਾਕੇ ਕਰਕੇ ਫੈਕਟਰੀ ਦੀ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ।

ਪਟਾਕਾ ਫੈਕਟਰੀ ਕੱਟੂਮੰਨਾਰਕੋਇਲ ਦੇ ਕੁਰਨਗੁਡੀ ਪਿੰਡ ਵਿੱਚ ਚੱਲ ਰਹੀ ਸੀ। ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰਤੀ ਪਰਿਵਾਰ ਦੋ ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ। DMK ਮੁਖੀ ਤੇ ਵਿਰੋਧੀ ਧਿਰ ਦੇ ਆਗੂ ਐੱਮ.ਕੇ.ਸਟਾਲਿਨ ਤੇ AMMK ਬਾਨੀ ਟੀ.ਟੀ.ਵੀ ਦਿਨਾਕਰਨ ਨੇ ਵੀ ਘਟਨਾ ’ਤੇ ਦੁੱਖ ਜਤਾਇਆ ਹੈ।

ਪੁਲਿਸ ਨੇ ਕਿਹਾ ਕਿ ਜਦੋਂ ਧਮਾਕਾ ਹੋਇਆ, ਉਸ ਸਮੇਂ ਫੈਕਟਰੀ ਦੀ ਮਾਲਕਣ ਗਾਂਧੀਮਠੀ ਤੇ ਅੱਠ ਹੋਰ ਔਰਤਾਂ ਪਟਾਕੇ ਬਣਾ ਰਹੀਆਂ ਸਨ। ਧਮਾਕੇ ਨਾਲ ਇਮਾਰਤ ਹੇਠਾਂ ਡਿੱਗ ਗਈ ਤੇ ਪੰਜ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁੱਡਲੌਰ ਦੇ ਡੀਐੱਸਪੀ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਤੇ ਅਜਿਹੀ ਸੰਭਾਵਨਾ ਹੈ ਕਿ ਧਮਾਕਾ ਫੈਕਟਰੀ ਵਿੱਚ ਭੰਡਾਰ ਕਰਕੇ ਰੱਖੇ ਰਸਾਇਣ ਨਾਈਟਰੇਟ ਕਰਕੇ ਹੋਇਆ ਹੈ।