Punjab

960 ਵੱਡੀਆਂ ਬੱਸਾਂ ਤੇ 2400 ਟਰਾਲੀਆਂ ਭਰ ਕੇ ਲੱਖਾਂ ਦੀ ਗਿਣਤੀ ਵਿੱਚ ਕਰਾਂਗੇ ਦਿੱਲੀ ਨੂੰ ਕੂਚ, ਉਗਰਾਹਾਂ ਜਥੇਬੰਦੀ ਦਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ 26-27 ਨਵੰਬਰ ਨੂੰ ਦਿੱਲੀ ਜਾਣ ਦੀ ਤਿਆਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਅਸੀਂ ਦਿੱਲੀ ਦੋ ਰਸਤਿਆਂ ਰਾਹੀਂ ਜਾ ਰਹੇ ਹਾਂ। ਇੱਕ ਰਸਤਾ ਖਨੌਰੀ ਵਾਲਾ ਹੈ ਜਿਸ ਰਾਹੀਂ ਪੰਜ ਜ਼ਿਲ੍ਹੇ ਜਾ ਰਹੇ ਹਨ ਜਿਨ੍ਹਾਂ ਵਿੱਚ ਸੰਗਰੂਰ, ਪਟਿਆਲਾ, ਲੁਧਿਆਣਾ, ਬਰਨਾਲਾ ਅਤੇ ਮਾਨਸਾ ਜ਼ਿਲ੍ਹਾ ਸ਼ਾਮਿਲ ਹਨ। ਦੂਸਰਾ ਰਸਤਾ ਦੱਬਵਾਲੀ ਹੈ, ਜਿਸ ਰਾਹੀਂ ਬਾਕੀ ਰਹਿੰਦੇ 9 ਜ਼ਿਲ੍ਹੇ ਜਾ ਰਹੇ ਹਨ’।

ਉਨ੍ਹਾਂ ਕਿਹਾ ਕਿ ‘ ਸਾਡਾ ਟੀਚਾ 2 ਲੱਖ ਲੋਕਾਂ ਨੂੰ ਇਸ ਮੋਰਚੇ ਵਿੱਚ ਸ਼ਾਮਿਲ ਕਰਨਾ ਹੈ। ਇਸ ਮੋਰਚੇ ਵਿੱਚ 26 ਹਜ਼ਾਰ ਔਰਤਾਂ ਦੀ ਸ਼ਮੂਲੀਅਤ ਕਰਨ ਦਾ ਵੀ ਟੀਚਾ ਹੈ। ਸਾਡੇ ਇੱਕ ਮੋਰਚੇ ਵਿੱਚ 960 ਵੱਡੀਆਂ ਬੱਸਾਂ, 2400 ਟਰਾਲੀਆਂ, 20 ਪਾਣੀ ਦੀਆਂ ਟੈਂਕੀਆਂ ਅਤੇ ਲਗਭਗ 22-23 ਛੋਟੀਆਂ ਗੱਡੀਆਂ ਜਿਨ੍ਹਾਂ ‘ਤੇ ਸਪੀਕਰ ਲੱਗੇ ਹੋਣਗੇ, ਉਹ ਇਸ ਮੋਰਚੇ ਵਿੱਚ ਸ਼ਾਮਿਲ ਹੋਣਗੇ। ਇਹ ਗਿਣਤੀ ਲਗਭਗ 1 ਲੱਖ 15 ਹਜ਼ਾਰ ਬਣਦੀ ਹੈ। ਇਹ ਖਨੌਰੀ ਵਾਲੇ ਇਲਾਕੇ ਦੀ ਗਿਣਤੀ ਹੈ’।

ਉਨ੍ਹਾਂ ਨੇ ਕਿਹਾ ਕਿ ‘ਦੂਸਰੇ ਮੋਰਚੇ ਵਿੱਚ ਗਿਣਤੀ ਇੱਕ ਲੱਖ ਤੋਂ ਹੇਠਾਂ ਰਹੇਗੀ। ਕੱਲ੍ਹ ਅਸੀਂ 40 ਟਰਾਲੀਆਂ ਖਨੌਰੀ ਵਾਲੇ ਰਸਤੇ ਇਸ ਲਈ ਭੇਜੀਆਂ ਹਨ ਕਿ 26 ਨਵੰਬਰ ਨੂੰ ਦਿੱਲੀ ਜਾਣ ਵਾਲੇ ਲੋਕਾਂ ਲਈ ਚਾਹ-ਪਾਣੀ, ਰੋਟੀ ਦਾ ਪ੍ਰਬੰਧ ਕੀਤਾ ਜਾਵੇ, ਪਰ ਹਰਿਆਣਾ ਸਰਕਾਰ ਨੇ ਖਨੌਰੀ ਦੀ ਹੱਦ ‘ਤੇ ਇਨ੍ਹਾਂ ਟਰਾਲੀਆਂ ਨੂੰ ਰੋਕ ਦਿੱਤਾ ਹੈ ਅਤੇ ਕਿਸਾਨਾਂ ਨੇ ਇੱਥੇ ਹੀ ਧਰਨਾ ਲਾ ਦਿੱਤਾ ਹੈ। ਅੱਜ ਅਸੀਂ ਲੰਗਰ ਵਾਲੀਆਂ ਟਰਾਲੀਆਂ ਡੱਬਵਾਲੀ ਰਵਾਨਾ ਕਰਨੀਆਂ ਹਨ। ਦਿੱਲੀ ਜਾਣ ਦੇ ਰਸਤੇ ਵਿੱਚ ਜਿੱਥੇ ਵੀ ਸਰਕਾਰ ਸਾਨੂੰ ਰੋਕਦੀ ਹੈ, ਅਸੀਂ ਉੱਥੇ ਹੀ ਮੋਰਚਾ ਲਾ ਕੇ ਬੈਠ ਜਾਵਾਂਗੇ’।

ਉਗਰਾਹਾਂ ਨੇ ਕਿਸਾਨ ਜਥੇਬੰਦੀਆਂ ਬਾਰੇ ਬੋਲਦਿਆਂ ਕਿਹਾ ਕਿ ‘ਅਸੀਂ ਆਪਣੇ ਮੋਰਚੇ ਚਲਾਉਂਦੇ ਰਹੇ ਹਾਂ, ਸਾਨੂੰ 30 ਕਿਸਾਨ ਜਥੇਬੰਦੀਆਂ ਨੇ ਕੋਈ ਸਹਿਯੋਗ ਨਹੀਂ ਦਿੱਤਾ। ਅਸੀਂ 30 ਕਿਸਾਨ ਜਥੇਬੰਦੀਆਂ ਨੂੰ ਕਾਰਪੋਰੇਟ ਘਰਾਣਿਆਂ ਅਤੇ ਬੀਜੇਪੀ ਲੀਡਰਾਂ ਦਾ ਘਿਰਾਉ ਕਰਨ ਦੀ ਗੱਲ ਆਖੀ ਸੀ ਪਰ ਸਾਡੀ ਗੱਲ ਨਹੀਂ ਸੁਣੀ ਗਈ ਕਿਉਂਕਿ ਅਸੀਂ ਬਾਹਰਵਾਲੇ ਸੀ, ਉਨ੍ਹਾਂ ਵਿੱਚ ਸ਼ਾਮਿਲ ਨਹੀਂ ਸੀ’।

ਉਨ੍ਹਾਂ ਕਿਹਾ ਕਿ ‘ਸਾਂਝੇ ਸੰਘਰਸ਼ ਵਿੱਚ ਬਹੁ-ਸੰਮਤੀ ਨਾਲ ਫੈਸਲਾ ਕਰਨਾ ਗਲਤ ਹੈ। ਜਥੇਬੰਦੀਆਂ ਵਿੱਚ ਬਹੁ-ਸੰਮਤੀ ਨਾਲ ਨਹੀਂ, ਸਰਬ-ਸੰਮਤੀ ਨਾਲ ਫੈਸਲੇ ਕੀਤੇ ਜਾਣੇ ਚਾਹੀਦੇ ਹਨ। ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਦੋਗਲੀ ਨੀਤੀ ਹੈ ਕਿਉਂਕਿ ਇੱਕ ਪਾਸੇ ਹਰਿਆਣਾ ਸਰਕਾਰ ਨੇ ਹਰਿਆਣਾ ਵਿੱਚ  ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਹੈ ਅਤੇ ਦਿੱਲੀ ਕੂਚ ਕਰਨ ‘ਚ ਮੁਸ਼ਕਿਲਾਂ ਪੈਦਾ ਕਰ ਰਹੀ ਹੈ’।

ਉਗਰਾਹਾਂ ਨੇ ਕਿਹਾ ਕਿ ‘ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਲਿਖਤੀ ਅਪੀਲ ਕਰਾਂਗੇ ਕਿ ਉਹ ਬਾਕੀ ਕਿਸਾਨ ਜਥੇਬੰਦੀਆਂ ਦੇ ਫੈਸਲੇ ਨੂੰ ਸਵੀਕਾਰ ਕਰੇ ਅਤੇ ਰੇਲ ਟਰੈਕ ਖਾਲੀ ਕਰ ਦੇਵੇ’।

ਉਨ੍ਹਾਂ ਨੇ ਕਿਸਾਨੀ ਸੰਘਰਸ਼ ਵਿੱਚ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ, ਮੀਡੀਆ, ਗੀਤਕਾਰਾਂ,  ਆੜ੍ਹਤੀਆਂ, ਡਰਾਈਵਰਾਂ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਔਰਤਾਂ, ਸਾਹਿਤਕਾਰਾਂ, ਲੇਖਕਾਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ।