India Punjab

ਚੰਡੀਗੜ੍ਹ ਤੋਂ ਕਿਰਨ ਖੇਰ ਦਾ ਟਿਕਟ ਕੱਟਿਆ! ਅਮਿਤ ਸ਼ਾਹ ਦਾ ਸਭ ਤੋਂ ਕਰੀਬੀ ਬਣਿਆ ਉਮੀਦਵਾਰ

ਲੋਕਸਭਾ ਚੋਣਾਂ 2024 (Lok Sabha Elections 2024) ਦੇ ਲਈ ਬੀਜੇਪੀ ਨੇ ਉਮੀਦਵਾਰਾਂ ਦੀ 10ਵੀਂ ਲਿਸਟ ਵਿੱਚ ਚੰਡੀਗੜ੍ਹ ਤੋਂ 2 ਵਾਰ ਦੀ ਐੱਮਪੀ ਕਿਰਨ ਖੇਰ (Kirron Kher) ਦੀ ਟਿਕਟ ਕੱਟ ਦਿੱਤੀ ਹੈ। ਉਨ੍ਹਾਂ ਦੀ ਥਾਂ ਸਥਾਨਕ ਉਮੀਦਵਾਰ ਸੰਜੇ ਟੰਡਨ (Sanjay Tandan) ਨੂੰ ਟਿਕਟ ਦਿੱਤਾ ਗਿਆ ਹੈ। ਟੰਡਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਹਨ। ਉਹ ਚੰਡੀਗੜ੍ਹ ਬੀਜੇਪੀ ਦੇ ਲਗਾਤਾਰ 10 ਸਾਲ ਪ੍ਰਧਾਨ ਰਹੇ ਹਨ।

ਟੰਡਨ ਦੀ ਸਿਆਸੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ 10 ਸਾਲ ਪ੍ਰਧਾਨ ਬਣਾਉਣ ਦੇ ਲਈ ਬੀਜੇਪੀ ਨੇ ਆਪਣੀ ਪਾਰਟੀ ਦਾ ਸੰਵਿਧਾਨ ਵੀ ਬਦਲਿਆ ਸੀ। ਸੰਜੇ ਟੰਡਨ ਦੇ ਪਿਤਾ ਬਲਰਾਮ ਜੀ ਦਾਸ ਟੰਡਨ 1997 ਦੀ ਬਾਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ ਅਤੇ ਪੰਜਾਬ ਬੀਜੇਪੀ ਦੇ ਸਭ ਤੋਂ ਵੱਡੇ ਆਗੂਆਂ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਸੀ। ਟਿਕਟ ਮਿਲਣ ਤੋਂ ਬਾਅਦ ਸੰਜੇ ਟੰਡਨ ਨੇ ਕਿਹਾ ਮੇਰਾ ਜਨਮ ਅੰਮ੍ਰਿਤਸਰ ਦਾ ਹੈ, ਮਾਝੇ ਵਿੱਚ ਮੈਂ ਪਾਰਟੀ ਦੇ ਲਈ ਬਹੁਤ ਕੰਮ ਕੀਤਾ ਹੈ। ਮੈਨੂੰ ਬੀਜੇਪੀ ਨੇ ਚੰਡੀਗੜ੍ਹ ਤੋਂ ਮੌਕਾ ਦਿੱਤਾ ਹੈ, ਮੈਂ ਸ਼ਹਿਰ ਦੀ ਅਵਾਜ਼ ਦਿੱਲੀ ਤੱਕ ਪਹੁੰਚਾਵਾਂਗਾ।

ਸੰਜੇ ਟੰਡਨ ਦਾ ਨਾਂ 2014 ਦੀਆਂ ਲੋਕਸਭਾ ਚੋਣਾਂ ਵਿੱਚ ਵੀ ਅੱਗੇ ਆਇਆ ਸੀ। ਪਰ ਉਸ ਵੇਲੇ ਦੇ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਦੇ ਮੁਕਾਬਲੇ ਉਨ੍ਹਾਂ ਦਾ ਕੱਦ ਪਾਰਟੀ ਵਿੱਚ ਵੱਡਾ ਨਹੀਂ ਸੀ। ਬੀਜੇਪੀ 10 ਸਾਲ ਬਾਅਦ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਇਸੇ ਲਈ ਸੈਲੀਬ੍ਰਿਟੀ ਹੋਣ ਦੀ ਵਜ੍ਹਾ ਕਰਕੇ ਪਾਰਟੀ ਨੇ ਕਿਰਨ ਖੇਰ ਦਾ ਨਾਂ ਅੱਗੇ ਕੀਤਾ। ਕਿਰਨ ਖੇਰ ਨੂੰ ਟਿਕਟ ਦੇਣ ਤੋਂ ਬਾਅਦ ਟੰਡਨ ਦੇ ਮਨ ਵਿੱਚ ਨਰਾਜ਼ਗੀ ਸੀ ਪਰ ਉਨ੍ਹਾਂ ਨੇ ਕਦੇ ਵੀ ਉਸ ਨੂੰ ਖੁੱਲ੍ਹ ਕੇ ਜ਼ਾਹਰ ਨਹੀਂ ਕੀਤਾ।

ਪਾਰਟੀ ਨੇ ਬੈਲੰਸ ਬਣਾਉਣ ਦੇ ਲਈ ਟੰਡਨ ਨੂੰ 10 ਸਾਲ ਚੰਡੀਗੜ੍ਹ ਬੀਜੇਪੀ ਦਾ ਪ੍ਰਧਾਨ ਬਣਾਇਆ। 2019 ਵਿੱਚ ਜਿੱਤ ਤੋਂ ਬਾਅਦ ਕਿਰਨ ਖੇਰ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ ਉਨ੍ਹਾਂ ਦੀ ਹਲਕੇ ਤੋਂ ਗੈਰ ਹਾਜ਼ਰੀ ਵਿਰੋਧੀ ਨੂੰ ਹਮਲਾ ਕਰਨ ਦਾ ਮੌਕਾ ਦਿੰਦੀ ਸੀ। ਕਿਰਨ ਖੇਰ ਨੇ ਨਗਰ ਨਿਗਮ ਚੋਣਾਂ ਦੌਰਾਨ ਵੀ ਆਪਣੇ ਚੋਣ ਨਾ ਲੜਨ ਦੇ ਸੰਕੇਤ ਦੇ ਦਿੱਤੇ ਸਨ। ਲਗਾਤਾਰ 2 ਵਾਰ ਜਿੱਤ ਤੋਂ ਬਾਅਦ ਬੀਜੇਪੀ ਨੇ ਸਥਾਨਕ ਉਮੀਦਵਾਰ ਸੰਜੇ ਟੰਡਨ ‘ਤੇ ਦਾਅ ਲਾ ਕੇ ਇਸ ਵਾਰ ਪਾਰਟੀ ਦੇ ਲੋਕ ਆਗੂਆਂ ਨੂੰ ਨੁਮਾਇੰਦਗੀ ਦਿੱਤੀ ਹੈ। ਟਿਕਟ ਦੀ ਰੇਸ ਵਿੱਚ ਪਾਰਟੀ ਦੇ ਸਾਬਕਾ ਐੱਪਮੀ ਅਤੇ ਮਸ਼ਹੂਰ ਵਕੀਲ ਸਤਪਾਲ ਜੈਨ ਵੀ ਸਨ। ਪਰ ਉਮਰ ਦੀ ਵਜ੍ਹਾ ਕਰਕੇ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ।

ਇਹ ਵੀ ਪੜ੍ਹੋ –  ਪੰਜਾਬ ਬੀਜੇਪੀ ਦੇ ਇੱਕ ਹੋਰ ਉਮੀਦਵਾਰ ਨੂੰ ਸਖਤ ਸੁਰੱਖਿਆ ਘੇਰਾ ਮਿਲਿਆ! ਕੇਂਦਰ ਨੇ ਦਿੱਤੀ ‘Y+’ ਸੁਰੱਖਿਆ