ਹਰਿਆਣਾ : ਨੂਹ ਪੁਲਿਸ ਨੇ ਮੰਗਲਵਾਰ ਨੂੰ ਗਊ ਰਕਸ਼ਕ ਅਤੇ ਗਊ ਰਕਸ਼ਾ ਬਜਰੰਗ ਫੋਰਸ ਦੇ ਮੁਖੀ ਰਾਜ ਕੁਮਾਰ ਉਰਫ਼ ਬਿੱਟੂ ਬਜਰੰਗੀ ਨੂੰ ਹਰਿਆਣਾ ਦੇ ਨੂਹ ’ਚ ਹਿੰਦੂ ਸਮੂਹਾਂ ਵੱਲੋਂ ਕੱਢੇ ਇਕ ਜਲੂਸ ਦੌਰਾਨ ਹੋਈ ਫ਼ਿਰਕੂ ਝੜਪ ਨੂੰ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਸਰਕਾਰੀ ਕੰਮ ‘ਚ ਵਿਘਨ ਪਾਉਣ, ਹਥਿਆਰ ਖੋਹਣ ਅਤੇ ਪੁਲਿਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਗਏ ਹਨ।
ਨੂਹ ‘ਚ ਬ੍ਰਜਮੰਡਲ ਯਾਤਰਾ ਤੋਂ ਪਹਿਲਾਂ ਬਿੱਟੂ ਬਜਰੰਗੀ ਨੇ ਸੋਸ਼ਲ ਮੀਡੀਆ ‘ਤੇ ਕਈ ਭੜਕਾਊ ਵੀਡੀਓਜ਼ ਪਾਈਆਂ ਸਨ। ਇਸ ਮਾਮਲੇ ‘ਚ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਉਦੋਂ ਤੋਂ ਹੀ ਸੋਸ਼ਲ ਮੀਡੀਆ ‘ਤੇ ਬਿੱਟੂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਪੁਲਿਸ ਸੂਤਰਾਂ ਅਨੁਸਾਰ ਬਿੱਟੂ ਨੂੰ ਨੂਹ ਜ਼ਿਲ੍ਹੇ ਦੇ ਤਾਵਡੂ ਥਾਣੇ ਦੀ ਅਪਰਾਧ ਜਾਂਚ ਏਜੰਸੀ (ਸੀਆਈਏ) ਨੇ ਗ੍ਰਿਫ਼ਤਾਰ ਕੀਤਾ ਹੈ।
ਨੂਹ ਪੁਲਿਸ ਦੇ ਬੁਲਾਰੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 31 ਜੁਲਾਈ ਨੂੰ ਨੂਹ ‘ਚ ਹੋਈ ਹਿੰਸਾ ਤੋਂ ਬਾਅਦ ਸ਼ਿਕਾਇਤ ‘ਤੇ ਸਦਰ ਪੁਲਸ ਸਟੇਸ਼ਨ ‘ਚ ਆਈਪੀਸੀ ਦੀ ਧਾਰਾ 148, 149, 332, 353, 186, 395, 397, 506 ਅਤੇ ਅਸਲਾ ਐਕਟ ਤਹਿਤ ਏ.ਸੀ.ਪੀ. ਊਸ਼ਾ ਕੁੰਡੂ ਨੇ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਹਿੰਸਾ ਨਾਲ ਸਬੰਧਿਤ ਵੀਡੀਓ ਦੀ ਵੀ ਜਾਂਚ ਕੀਤੀ। ਇਸ ਐਫਆਈਆਰ ਦੇ ਆਧਾਰ ‘ਤੇ ਹੀ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੱਸ ਦੇਈਏ ਕਿ ਹਰਿਆਣਾ ਦੇ ਨੂਹ ਵਿੱਚ ਦੋ ਭਾਈਚਾਰਿਆਂ ਦਰਮਿਆਨ ਹੋਈ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 93 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 176 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਨੂਹ ਜ਼ਿਲ੍ਹੇ ਵਿੱਚ 46, ਫ਼ਰੀਦਾਬਾਦ ਜ਼ਿਲ੍ਹੇ ਵਿੱਚ 3, ਗੁਰੂਗ੍ਰਾਮ ਜ਼ਿਲ੍ਹੇ ਵਿੱਚ 23, ਰੇਵਾੜੀ ਜ਼ਿਲ੍ਹੇ ਵਿੱਚ 3 ਅਤੇ ਪਲਵਲ ਜ਼ਿਲ੍ਹੇ ਵਿੱਚ 18 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਨੂਹ ਹਿੰਸਾ ‘ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।