Punjab

ਅੰਮ੍ਰਿਤਸਰ : ਦੁਬਈ ਤੋਂ ਆਇਆ 45 ਲੱਖ ਦਾ ਨਜਾਇਜ਼ ਸੋਨਾ ਬਰਾਮਦ , ਤਰੀਕਾ ਜਾਣ ਕੇ ਹੋ ਜਾਵੋਗੇ ਹੈਰਾਨ

Amritsar: Illegal gold worth 49 lakhs was recovered from Dubai, you will be surprised to know the method

ਅੰਮ੍ਰਿਤਸਰ :ਅੰਮ੍ਰਿਤਸਰ ਜ਼ਿਲ੍ਹੇ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਸੋਨੇ ਦੀ ਤਸਕਰੀ ਦੇ ਇੱਕ ਰੈਕਟ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫ਼ਿਲਹਾਲ ਇਕ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਸਟਮ ਵਿਭਾਗ ਨੇ ਮੁਲਜ਼ਮਾਂ ਕੋਲੋਂ 45.22 ਲੱਖ ਰੁਪਏ ਦਾ ਸੋਨਾ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ। ਕਸਟਮ ਵਿਭਾਗ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਤਸਕਰੀ ਦੇ ਮਕਸਦ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਤਸਕਰ ਏਅਰ ਇੰਡੀਆ ਦੀ ਫਲਾਈਟ ਰਾਹੀਂ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ। ਵਿਅਕਤੀ ਦੀ ਹਰਕਤ ਦੇਖ ਕੇ ਕਸਟਮ ਅਧਿਕਾਰੀਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਮੁਲਜ਼ਮ ਨੂੰ ਰੋਕ ਕੇ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਕੋਲੋਂ ਸੋਨੇ ਦੇ 3 ਕੈਪਸੂਲ ਬਰਾਮਦ ਹੋਏ, ਜੋ ਕਿ ਉਹ ਆਪਣੇ ਗੁਪਤ ਅੰਗ ਵਿੱਚ ਛੁਪਾ ਕੇ ਲਿਆਇਆ ਸੀ।

ਮੁਲਜ਼ਮਾਂ ਨੇ ਸੋਨੇ ਦੀ ਪੇਸਟ ਬਣਾ ਕੇ ਕੈਪਸੂਲ ਬਣਾਏ ਹੋਏ ਸਨ। ਹਵਾਈ ਅੱਡਿਆਂ ‘ਤੇ ਲਗਾਏ ਗਏ ਮੈਟਲ ਡਿਟੈਕਟਰਾਂ ਤੋਂ ਬਚਣ ਲਈ ਤਸਕਰਾਂ ਨੇ ਹੁਣ ਇਸ ਤਕਨੀਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਸੋਨੇ ਦੀ ਪੇਸਟ ਨੂੰ ਤੋਲਿਆ ਗਿਆ ਤਾਂ ਇਸ ਦਾ ਕੁੱਲ ਵਜ਼ਨ ਕਰੀਬ ਇੱਕ ਕਿਲੋਗ੍ਰਾਮ ਸੀ।

ਇਸ ਤੋਂ ਬਾਅਦ ਸੋਨੇ ਨੂੰ ਸ਼ੁੱਧ 24 ਕੈਰੇਟ ਵਿੱਚ ਬਦਲਿਆ ਗਿਆ, ਜਿਸਦਾ ਕੁੱਲ ਵਜ਼ਨ 751 ਗ੍ਰਾਮ ਦੱਸਿਆ ਗਿਆ। ਇਸ ਸੋਨੇ ਦੀ ਖੇਪ ਦੀ ਅੰਤਰਰਾਸ਼ਟਰੀ ਕੀਮਤ ਲਗਭਗ 45.22 ਲੱਖ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਨੇ ਕਸਟਮ ਐਕਟ 1962 ਤਹਿਤ ਕਾਰਵਾਈ ਕੀਤੀ ਹੈ।