Punjab

ਮੰਗਲਵਾਰ ਨੂੰ ਮਜੀਠੀਆ ਵਿਖਾਉਣਗੇ ਪੰਜਾਬ ‘ਚ ਆਪਣੀ ਸਿਆਸੀ ਤਾਕਤ !

ਜੇਲ੍ਹ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਮੀਟਿੰਗ ਕਰ ਰਹੇ ਹਨ

‘ਦ ਖ਼ਾਲਸ ਬਿਊਰੋ : ਪੰਜਾਬ ਹਰਿਆਣਾ ਹਾਈਕੋਰਟ ਤੋਂ ਡਰੱਗ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪੂਰੀ ਤਰ੍ਹਾਂ ਨਾਲ ਸਿਆਸਤ ਵਿੱਚ ਸਰਗਰਮ ਹੋ ਗਏ ਹਨ। ਪਾਰਟੀ ਵਰਕਰਾਂ ਨਾਲ ਲਗਾਤਾਰ ਮੀਟਿੰਗ ਤੋਂ ਬਾਅਦ ਹੁਣ ਮੰਗਲਵਾਰ ਨੂੰ ਮਜੀਠੀਆ ਵੱਲੋਂ ਪੰਜਾਬ ਵਿੱਚ ਵੱਡਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। 16 ਅਗਸਤ ਨੂੰ ਵੱਡੀ ਗਿਣਤੀ ਵਿੱਚ ਵਰਕਰਾਂ ਨੂੰ ਚੰਡੀਗੜ੍ਹ ਆਉਣ ਦਾ ਸੱਦਾ ਦਿੱਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ

ਇੱਥੋਂ ਮਜੀਠੀਆ ਸਵੇਰੇ ਸਾਢੇ ਨੌ ਵਜੇ ਕਾਫ਼ਲੇ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਨਤਮਸਤਕ ਹੋਣਗੇ। ਇਸ ਤੋਂ ਬਾਅਦ ਤਕਰੀਬਨ 12 ਵਜੇ ਮਜੀਠੀਆ ਦਾ ਕਾਫ਼ਲਾ ਖਟਕੜ ਕਲਾਂ ਤੋਂ ਰਵਾਨਾ ਹੁੰਦੇ ਹੋਏ ਸ਼ਾਮ 3 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਗੋਲਡਨ ਗੇਟ ਪਹੁੰਚੇਗਾ। ਇਸ ਪੂਰੇ ਰਸਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜੁੜਦੇ ਰਹਿਣਗੇ। ਅੰਮ੍ਰਿਤਸਰ ਵਿੱਚ ਮਜੀਠੀਆ ਦਰਬਾਰ ਸਾਹਿਬ ਦਰਸ਼ਨ ਵੀ ਕਰਨ ਜਾ ਸਕਦੇ ਹਨ। ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਉੱਠ ਰਹੇ ਬਾਗ਼ੀ ਸੁਰ ਨਰਮ ਨਜ਼ਰ ਆ ਰਹੇ ਹਨ।

ਬਾਗ਼ੀਆਂ ਦੀ ਘਰ ਵਾਪਸੀ

ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ 2 ਦਿਨ ਪਹਿਲਾਂ ਅੰਮ੍ਰਿਤਸਰ ਵਿੱਚ 8 ਅਗਸਤ ਨੂੰ ਮਰਹੂਮ ਅਕਾਲੀ ਲੀਡਰ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਰਵੀਕਰਣ ਸਿੰਘ ਕਾਹਲੋਂ ਦੀ ਰਿਹਾਇਸ਼ ‘ਤੇ ਅਕਾਲੀ ਦਲ ਦੇ ਦਿੱਗਜ ਆਗੂ ਜੁੱਟੇ ਸਨ। ਇਸ ਵਿੱਚ ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕਣ ਵਾਲੇ ਮਨਪ੍ਰੀਤ ਇਯਾਲੀ,ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਬਰਾੜ,ਚਰਨਜੀਤ ਸਿੰਘ ਅਟਵਾਲ,ਗੁਰਪ੍ਰਤਾਪ ਸਿੰਘ ਵਡਾਲਾ, ਅਮਰਪਾਲ ਸਿੰਘ ਬੋਨੀ ਅਜਨਾਲਾ,ਬੀਬੀ ਜਗੀਰ ਕੌਰ ਅਤੇ SGPC ਦੇ ਸੀਨੀਅਰ ਆਗੂ ਸ਼ਾਮਲ ਸਨ ਪਰ 10 ਤਰੀਕ ਨੂੰ ਜਦੋਂ ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਏ ਤਾਂ ਇੰਨਾਂ ਵਿੱਚੋਂ ਕਈ ਬਾਗ਼ੀ ਅਵਾਜ਼ਾਂ ਸ਼ਾਂਤ ਹੁੰਦੀਆਂ ਨਜ਼ਰ ਆਈਆਂ। ਜਿਸ ਵਿੱਚੋਂ ਸਭ ਤੋਂ ਵੱਡਾ ਨਾਂ ਪ੍ਰੇਮ ਸਿੰਘ ਚੰਦੂਮਾਜਰਾ ਬੀਬੀ ਜਗੀਰ ਕੌਰ ਦਾ ਸੀ ਜਿੰਨਾਂ ਨੇ ਮਜੀਠੀਆ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ ਫਿਰ ਅਕਾਲੀ ਦਲ ਦੀ ਮੀਟਿੰਗ ਵਿੱਚ ਵੀ ਸ਼ਾਮਲ ਹੋਏ। ਮਨਪ੍ਰੀਤ ਇਯਾਲੀ ਨੂੰ ਲੈ ਕੇ ਵੀ ਪਾਰਟੀ ਨੇ ਆਪਣਾ ਸਟੈਂਡ ਨਰਮ ਕੀਤਾ ਹੈ।

ਵਿਰਸਾ ਸਿੰਘ ਵਲਟੋਹਾ ਨੇ ਪਹਿਲਾਂ ਇ ਲਜ਼ਾਮ ਲਗਾਇਆ ਸੀ ਕਿ ਇਯਾਲੀ ਨੇ ਦਿੱਲੀ ਵਿੱਚ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨਾਲ ਮੀਟਿੰਗ ਕੀਤੀ ਹੈ ਅਤੇ ਉਹ ਬੀਜੇਪੀ ਨਾਲ ਮਿਲਕੇ ਪਾਰਟੀ ਨੂੰ ਤੋੜਨਾ ਚਾਹੁੰਦੇ ਹਨ ਪਰ ਜਦੋਂ ਮਨਪ੍ਰੀਤ ਇਯਾਲੀ ਨੇ ਸਬੂਤਾਂ ਦੀ ਚੁਣੌਤੀ ਦਿੱਤੀ ਤਾਂ ਪਾਰਟੀ ਨੇ ਵਲਟੋਹਾ ਨੂੰ ਸੁਰ ਨਰਮ ਕਰਨ ਦੀ ਹਦਾਇਤ ਦਿੱਤੀ ਅਤੇ ਫਿਰ ਵਲਟੋਹਾ ਨੇ ਆਪਣੇ ਬਿਆਨ ਤੋਂ ਯੂ-ਟਰਨ ਕਰ ਲਿਆ। ਕੁੱਲ ਮਿਲਾ ਕੇ ਮਜੀਠੀਆ ਦੇ ਆਉਣ ਨਾਲ ਸੁਖਬੀਰ ਬਾਦਲ ਨੂੰ ਭਾਵੇ ਫਿਲਹਾਲ ਰਾਹਤ ਮਿਲੀ ਹੋਵੇ ਪਰ ਪਾਰਟੀ ਦੇ ਸਾਹਮਣੇ ਚੁਣੌਤੀਆਂ ਬਹੁਤ ਵੱਡੀਆਂ ਹਨ। ਬੀਜੇਪੀ ਤੋਂ ਬਿਨਾਂ ਆਪਣਾ ਅਧਾਰ ਮਜ਼ਬੂਤ ਕਰਨਾ, ਲੋਕ ਸਭਾ ਤੋਂ ਪਹਿਲਾਂ ਸਥਾਨਕ ਚੋਣਾਂ ਵਿੱਚ ਪਾਰਟੀ ਲਈ ਵਾਪਸੀ ਦਾ ਰਾਹ ਤਲਾਸ਼ਣਾ ,ਇੰਨਾਂ ਸਭ ਤੋਂ ਵੱਧ ਪਾਰਟੀ ਨੂੰ ਟੁੱਟਣ ਤੋਂ ਬਚਾਉਣਾ ਅਤੇ ਕਮਾਨ ਆਪਣੇ ਹੱਥ ਰੱਖਣੀ।