India Punjab

ਮੈਂ ਕਿਸਾਨ ਦਾ ਪੁੱਤਰ ਹਾਂ, ਇਸ ਕਾਰਨ ਦਿੱਲੀ ਗਿਆ ਸੀ : ਕੈਬਨਿਟ ਮੰਤਰੀ ਲਾਲਜੀਤ ਭੁੱਲਰ

ਦ ਖ਼ਾਲਸ ਬਿਊਰੋ : ਪਿਛਲੇ ਦਿਨੀਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੀ ਦੀਪ ਸਿੱਧੂ ਦੇ ਨਾਲ ਲਾਲ ਕਿਲ੍ਹੇ ਝੰਡਾ ਝਲਾਉਣ ਵੇਲੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਅਤੇ ਉਕਤ ਵੀਡੀਓ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਦੇ ਵਲੋਂ ਵਾਇਰਲ  ਕੀਤਾ ਗਿਆ ਸੀ। ਲਾਲ ਕਿਲ੍ਹੇ ਵਾਲੀ ਵੀਡੀਓ ‘ਤੇ ਲਾਲਜੀਤ ਭੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। 

ਭੁੱਲਰ ਨੇ ਕਿਹਾ ਕਿ, ਹਾਂ ਮੈਂ ਦਿੱਲੀ ਕਿਸਾਨ ਮੋਰਚੇ ਵਿੱਚ ਗਿਆ ਸੀ ਅਤੇ ਲਾਲ ਕਿਲ੍ਹੇ ਤੇ ਵੀ ਮੈਂ ਗਿਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹਾਂ ਅਤੇ ਹਰ ਕਿਸਾਨ ਦਾ ਪੁੱਤਰ ਅੰਦੋਲਨ ‘ਚ ਸ਼ਾਮਲ ਸੀ। ਇਸੇ ਦੌਰਾਨ ਹੀ ਸੁਖਪਾਲ ਖ਼ਹਿਰਾ ਤੇ ਵਰਦਿਆਂ ਹੋਇਆ ਭੁੱਲਰ ਨੇ ਕਿਹਾ ਕਿ, ਖ਼ਹਿਰੇ ਦਾ ਪਿਤਾ ਖ਼ਾਲਿਸਤਾਨ ਦੀ ਮੰਗ ਕਰਦਾ ਸੀ, ਪਹਿਲਾਂ ਖ਼ਹਿਰਾ ਆਪਣੇ ਪਤਾ ਬਾਰੇ ਦੱਸੇ। ਇਸ ਦੇ ਨਾਲ ਹੀ ਲਾਲਜੀਤ ਭੁੱਲਰ ਨੇ ਕਿਹਾ ਕਿ, ਸੁਖਪਾਲ ਖ਼ਹਿਰਾ ਸਪੱਸ਼ਟ ਕਰੇ ਕਿ, ਉਹ ਆਪਣੇ ਪਿਤਾ ਦੇ ਨਾਲ ਹੈ ਜਾਂ ਫਿਰ…..ਕਿਸੇ ਹੋਰ ਨਾਲ ।

ਦੱਸ ਦਈਏ ਕਿ ਬੀਤੇ ਸਾਲ ਕਿਸਾਨ ਅੰਦੋਲਨ ਦੌਰਾਨ ਲਾਲ ਕਿਲਾ ਹਿੰ ਸਾ ਦੀ ਇੱਕ ਵੀਡੀਓ ਵਿੱਚ ਨਜ਼ਰ ਆ ਰਹੇ ਸਨ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ‘ਤੇ ਵੀਡੀਓ ਜਾਰੀ ਕਰਦੇ ਹੋਏ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਤੋਂ ਜਵਾਬ ਮੰਗਿਆ ਸੀ।

ਦਿੱਲੀ ਦੀਆਂ ਬਰੂਹਾਂ ‘ਤੇ ਚੱਲੇ ਕਿਸਾਨ ਅੰਦੇਲਨ ਦੌਰਾਨ 26 ਜਨਵਰੀ 2021 ਨੂੰ ਦਿੱਲੀ ਵੱਲ ਟਰੈਕਟਰ ਮਾਰਚ ਕੱਢਿਆ ਗਿਆ ਸੀ। ਉਸ ਵੇਲੇ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਲਾਲ ਕਿਲ੍ਹਾ ‘ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ ਸੀ। ਉਸ ਮੌਕੇ ਦੀ ਬਣਾਈ ਵੀਡੀਓ ਵਿੱਚ ਮਰਹੂਮ ਦੀਪ ਸਿੱਧੂ ਦੇ ਨਾਲ ਲਾਲਜੀਤ ਸਿੰਘ ਭੁੱਲਰ ਵੀ ਨਜ਼ਰ ਆ ਰਹੇ ਸਨ।

ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵੀਡੀਓ ਟਵੀਟ ਕਰਕੇ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਲਾਲ ਕਿਲੇ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ‘ਚ ਦੀਪ ਸਿੱਧੂ ਨਾਲ ਉਨ੍ਹਾਂ ਦਾ ਟਰਾਂਸਪੋਰਟ ਮੰਤਰੀ ਸ਼ਾਮਲ ਸੀ ਜਾਂ ਨਹੀਂ। ਜੇਕਰ ਹਾਂ, ਤਾਂ ਕੀ ਸਾਡੇ ਮੁੱਖ ਮੰਤਰੀ ਉਸ ਨੂੰ ਦੇਸ਼ ਵਿਰੋਧੀ ਕਹਿ ਕੇ ਆਪਣੀ ਕੈਬਨਿਟ ਵਿੱਚ ਰੱਖਣਗੇ? ਕੇਜਰੀਵਾਲ ਜਾਂ ਮਾਨ ਦੀ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਦੱਸ ਦੇਈਏ ਕਿ ਇਸ ਮਾਮਲੇ ‘ਚ ਦੀਪ ਸਿੱਧੂ ਸਮੇਤ ਕਈ ਨੌਜਵਾਨਾਂ ਤੇ ਕੇਸ ਦਰਜ ਕੀਤਾ ਗਿਆ ਸੀ ਅਤੇ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਸਨ। ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਸੀ ਅਤੇ ਪੁਲਿਸ ਨੇ ਕਈਆਂ ਨੂੰ ਹਵਾਲਾਤ ਵਿੱਚ ਰੱਖ ਕੇ ਕਥਿਤ ਤੌਰ ‘ਤੇ ਤਸ਼ੱਦਦ ਵੀ ਢਾਹਿਆ ਗਿਆ ਸੀ।