India

ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਪਤੰਜਲੀ ਦੇ 14 ਉਤਪਾਦਾਂ ਨੂੰ ਬਣਾਉਣ ਦਾ ਲਾਇਸੈਂਸ ਰੱਦ

ਦਿੱਲੀ : ਯੋਗਗੁਰੂ ਰਾਮਦੇਵ ਦੀਆਂ ਮੁਸੀਬਤਾਂ ਘੱਟ ਹੋਣ ਦੇ ਨਾਮ ਨਹੀਂ ਲੈ ਰਹੀਆਂ ਹਨ। ਸੁਪਰੀਮ ਕੋਰਟ ਦੀ ਸਖ਼ਤ ਫਟਕਾਰ ਤੋਂ ਬਾਅਦ ਉੱਤਰਾਖੰਡ ਸਰਕਾਰ ਦੀ ਲਾਇਸੈਂਸਿੰਗ ਅਥਾਰਟੀ ਨੇ ਬਾਬਾ ਰਾਮਦੇਵ ਦੀ ਦਿਵਿਆ ਫਾਰਮੇਸੀ ਅਤੇ ਪਤੰਜਲੀ ਆਯੁਰਵੇਦ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਇਸ ਦੇ ਨਾਲ ਹੀ ਬਾਬਾ ਰਾਮਦੇਵ ਦੀ ਇੱਕ ਹੋਰ ਕੰਪਨੀ ਪਤੰਜਲੀ ਫੂਡਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਡਰੱਗ ਵਿਭਾਗ ਦੀ ਲਾਇਸੈਂਸ ਅਥਾਰਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਪਤੰਜਲੀ ਦੇ 14 ਉਤਪਾਦਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ।

ਰਾਜ ਸਰਕਾਰ ਦੀ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਆਯੁਰਵੇਦ ਅਤੇ ਦਿਵਿਆ ਫਾਰਮੇਸੀ ਦੀਆਂ 14 ਦਵਾਈਆਂ ਅਤੇ ਉਤਪਾਦਾਂ ਦੇ ਨਿਰਮਾਣ ਲਾਇਸੈਂਸਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸਬੰਧਤ ਵਿਭਾਗਾਂ ਨੂੰ ਸਖ਼ਤ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।

ਇਹ ਹੁਕਮ ਇਸ ਮਹੀਨੇ ਦੇ ਸ਼ੁਰੂ ਵਿੱਚ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ ਅਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀ ਉਲੰਘਣਾ ਵਿੱਚ ਇਨ੍ਹਾਂ ਉਤਪਾਦਾਂ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਬਾਰੇ ਕੰਪਨੀ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਜਾਰੀ ਕੀਤਾ ਗਿਆ ਹੈ।

ਇਸ ਹੁਕਮ ਵਿੱਚ ਕੰਪਨੀ ਨੂੰ ਕਿਹਾ ਗਿਆ ਹੈ ਕਿ ਉਸਨੂੰ ਡਰੱਗ ਇੰਸਪੈਕਟਰ/ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ, ਹਰਿਦੁਆਰ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਸਬੰਧਤ ਫਰਮ ਵੱਲੋਂ ਆਖਰੀ ਮਿਤੀ ਤੱਕ ਲੋੜੀਂਦੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਅਤੇ ਫਰਮ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ ਵੀ ਤਸੱਲੀਬਖਸ਼ ਨਹੀਂ ਹੈ।

ਇਸ ਲਈ, ਡਰੱਗਜ਼ ਐਂਡ ਕਾਸਮੈਟਿਕਸ ਐਕਟ 1945 ਦੀ ਧਾਰਾ 159 (1) ਦੇ ਉਪਬੰਧਾਂ ਅਨੁਸਾਰ ਇਨ੍ਹਾਂ ਦਵਾਈਆਂ ਦੇ ਨਿਰਮਾਣ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਦਿਵਿਆ ਫਾਰਮੇਸੀ ਨੂੰ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਸਾਰੇ ਉਤਪਾਦਾਂ ਦਾ ਨਿਰਮਾਣ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਫਾਰਮੂਲੇ ਦੀ ਅਸਲ ਫਾਰਮੂਲੇਸ਼ਨ ਸ਼ੀਟ ਅਥਾਰਟੀ ਨੂੰ ਸੌਂਪੀ ਜਾਣੀ ਚਾਹੀਦੀ ਹੈ।

ਹੁਕਮਾਂ ਮੁਤਾਬਕ ਦਿਵਿਆ ਫਾਰਮੇਸੀ ਦੇ ਜਿਨ੍ਹਾਂ ਉਤਪਾਦਾਂ ਦਾ ਨਿਰਮਾਣ ਲਾਇਸੈਂਸ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿੱਚ
  • ਸ਼ਵਾਸਰੀ ਗੋਲਡ (Swasari Gold)
  • ਸ਼ਵਾਸਰੀ ਵਟੀ (Swasari vati)
  • ਬ੍ਰੋਂਕੋਮ (Bronchom)
  • ਸ਼ਵਾਸਰੀ ਪ੍ਰਵਾਹੀ (Swasari Pravahi)
  • ਸ਼ਵਾਸਰੀ ਅਵਲੇਹ (Swasari Avaleh)
  • ਮੁਕਤਾ ਵਟੀ ਐਕਟਰਾ ਪਾਵਰ (Mukta Vati Extra Power)
  • ਲਿਪੀਡੋਮ (Lipidom)
  • ਬੀਪੀ ਗ੍ਰਿਟ (Bp Grit)
  • ਮਧੂਗ੍ਰਿਟ (Madhugrit)
  • ਮਧੁਨਾਸ਼ਿਨੀ ਵਟੀ ਐਕਟਰਾ ਪਾਵਰ (Madhunashini Vati Extra Power)
  • ਲਿਵਾਮ੍ਰਿਤ ਐਡਵਾਂਸ (Livamrit Advance)
  • ਲਿਵੋਗ੍ਰਿਟ (Livogrit)
  • ਆਈਗ੍ਰਿਟ ਗੋਲਡ (Eyegrit Gold)
  • ਪਤੰਜਲੀ ਦ੍ਰਿਸ਼ਟੀ ਆਈ ਡ੍ਰੌਪ (Patanjali Drishti Eye Drop)

ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਕਾਰਨ ਲਾਇਸੈਂਸ ਰੱਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਸੂਬਾ ਸਰਕਾਰ ਨੇ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਲਾਇਸੈਂਸਿੰਗ ਅਥਾਰਟੀ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਵੀ ਦਾਇਰ ਕੀਤਾ ਹੈ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਰਾਜ ਸਰਕਾਰ ਤੋਂ ਪੁੱਛਿਆ ਸੀ ਕਿ ਹੁਣ ਤੱਕ ਕੀ ਕੀਤਾ ਗਿਆ ਹੈ। ਹੁਣ ਇਸ ਮਾਮਲੇ ‘ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਣੀ ਹੈ, ਜਿਸ ‘ਚ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਅਦਾਲਤ ‘ਚ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਪਤੰਜਲੀ ਨੂੰ ਸਖ਼ਤ ਫਟਕਾਰ ਲਗਾਈ ਸੀ।