Punjab

ਈ-ਕਾਰਡ ਧਾਰਕਾਂ ਲਈ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੂੰ ਹਸਪਤਾਲ ਵਿੱਚ ਦਾਖ਼ਲ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦਾ ਈ-ਕਾਰਡ ਨਾ ਚੱਲਣ (ਬਲਾਕ ਹੋਣ) ’ਤੇ ਵੀ ਉਨ੍ਹਾਂ ਦਾ ਇਲਾਜ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀ ਦੇ ਈ-ਕਾਰਡ ਵਿੱਚ ਕੋਈ ਤਰੁੱਟੀ ਹੋਣ ਦੀ ਸੂਰਤ ਵਿੱਚ ਲਾਭਪਾਤਰੀ ਮਰੀਜ਼ ਦੇ ਇਲਾਜ ਮਗਰੋਂ ਹੀ ਇਸ ਨੂੰ ਦਰੁੱਸਤ ਕੀਤਾ ਜਾਵੇ ਕਿਉਂਕਿ ਈ-ਕਾਰਡ ਸਿਰਫ ਬੀਮਾ ਕੰਪਨੀ ਵੱਲੋਂ ਪ੍ਰਵਾਨਿਤ ਕੀਤੇ ਜਾਂਦੇ ਹਨ।

ਉਨ੍ਹਾਂ ਨੇ ਬੀਮਾ ਕੰਪਨੀ ਨੂੰ ਹਸਪਤਾਲਾਂ ਦੇ ਬਕਾਇਆ ਕਲੇਮ ਦੀ ਰਕਮ ਦਾ ਤੁਰੰਤ ਭੁਗਤਾਨ ਕਰਨ ਦੀ ਵੀ ਹਦਾਇਤ ਕੀਤੀ। ਬਲਬੀਰ ਸਿੱਧੂ ਨੇ ਬੈਂਕ ਕੋਡ ਅਤੇ ਆਈਐੱਫਐੱਸਸੀ ਕਾਰਨ ਪੈਦਾ ਹੋਏ ਕਿਸੇ ਵੀ ਤਕਨੀਕੀ ਮਸਲੇ ਨੂੰ ਨੈਸ਼ਨਲ ਹੈਲਥ ਅਥਾਰਟੀ ਦੀ ਮਦਦ ਨਾਲ ਨਿਰਧਾਰਤ ਸਮੇਂ ਵਿੱਚ ਠੀਕ ਕਰਨ ਲਈ ਕਿਹਾ ਹੈ। ਸਟੇਟ ਹੈਲਥ ਏਜੰਸੀ ਦੇ ਸੀਈਓ ਕੁਮਾਰ ਰਾਹੁਲ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ 776.41 ਕਰੋੜ ਰੁਪਏ ਦੇ ਖਰਚ ਨਾਲ 7.03 ਲੱਖ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ।

ਬਲਬੀਰ ਸਿੱਧੂ ਨੇ ਸਪੱਸ਼ਟ ਕੀਤਾ ਕਿ ਕਰੋਨਾ ਕਾਰਨ ਇਸ ਸਮੇਂ ਸ਼ਹਿਰੀ ਇਲਾਕਿਆਂ ਨਾਲੋਂ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਮੌਤ ਦਰ ਵਧੇਰੇ ਰਹੀ ਹੈ। ਉਨ੍ਹਾਂ ਨੇ ਸਿਵਲ ਸਰਜਨਾਂ ਨੂੰ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਹਨ।