India

ਸੀਬੀਐੱਸਈ ਨੇ ਵਿਦਿਆਰਥੀਆਂ ਨੂੰ ਪਾਸ ਕਰਨ ਦਾ ਫਾਰਮੂਲਾ ਕੀਤਾ ਤਿਆਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਕਰਕੇ ਇਸ ਵਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਪਰ ਰੱਦ ਕੀਤੇ ਗਏ ਹਨ। ਇਸ ਲਈ ਸੀਬੀਐੱਸਈ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੇ ਲਈ ਇੱਕ ਫਾਰਮੂਲਾ ਤਿਆਰ ਕੀਤਾ ਹੈ। ਕੇਂਦਰ ਸਰਕਾਰ ਨੇ ਸਰਬਉੱਚ ਅਦਾਲਤ ਵਿੱਚ ਸੀਬੀਐੱਸਈ ਵੱਲੋਂ 12ਵੀਂ ਦੇ ਵਿਦਿਆਰਥੀਆਂ ਨੂੰ ਪਾਸ ਕਰਨ ਲਈ ਤਿਆਰ ਕੀਤਾ ਗਿਆ ਫਾਰਮੂਲਾ ਦੱਸਿਆ ਹੈ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ 10ਵੀਂ, 11ਵੀਂ ਅਤੇ 12ਵੀਂ ਦੇ ਪ੍ਰੀ ਬੋਰਡ ਦੇ ਨਤੀਜੇ ਵਿਦਿਆਰਥੀਆਂ ਨੂੰ ਪਾਸ ਕਰਨ ਦਾ ਆਧਾਰ ਬਣਾਇਆ ਜਾਵੇਗਾ।

ਇਸ ਫਾਰਮੂਲੇ ਅਨੁਸਾਰ 10ਵੀਂ ਦੇ ਨਤੀਜੇ ਦੇ ਅਧਾਰ ‘ਤੇ 30 ਫੀਸਦ ਅੰਕ, 11ਵੀਂ ਦੇ ਨਤੀਜੇ ਦੇ ਅਧਾਰ ‘ਤੇ 30 ਫੀਸਦ ਅਤੇ 12ਵੀਂ ਪ੍ਰੀ ਬੋਰਡ ਜਾਂ ਯੂਨਿਟ ਟੈਸਟ ਦੇ ਅਧਾਰ ‘ਤੇ 40 ਫੀਸਦ ਅੰਕ ਸ਼ਾਮਲ ਕੀਤੇ ਜਾਣਗੇ। ਜਾਣਕਾਰੀ ਮੁਤਾਬਕ 31 ਜੁਲਾਈ ਤੱਕ 12ਵੀਂ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ। ਜਿਹੜੇ ਬੱਚੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੋਣਗੇ, ਉਨ੍ਹਾਂ ਨੂੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ।

4 ਜੂਨ, 2021 ਨੂੰ ਸੀਬੀਐੱਸਈ ਨੇ ਮੁਲਾਂਕਣ ਦੇ ਮਾਪਦੰਡਾਂ ਦਾ ਫੈਸਲਾ ਕਰਨ ਲਈ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੂੰ 12 ਵੀਂ ਮੁਲਾਂਕਣ ਨੀਤੀ ਦਾ ਫ਼ੈਸਲਾ ਕਰਨ ਲਈ 10 ਦਿਨ ਦਿੱਤੇ ਗਏ ਸਨ। ਸੁਪਰੀਮ ਕੋਰਟ ਨੇ ਮੁਲਾਂਕਣ ਦੇ ਮਾਪਦੰਡਾਂ ਦਾ ਫੈਸਲਾ ਕਰਨ ਲਈ ਕੇਂਦਰ ਸਰਕਾਰ ਅਤੇ ਸੀਬੀਐਸਈ ਨੂੰ ਦੋ ਹਫ਼ਤੇ ਦਿੱਤੇ ਸਨ।