ਪਟਿਆਲਾ : ਕਿਸਾਨ-ਜਥੇਬੰਦੀਆਂ ’ਚ ਏਕਤਾ ਸਥਾਪਤ ਕਰਨ ਲਈ ਪਹਿਲਕਦਮੀ ਕਰਨ ਵਾਲ਼ੇ ਮਰਹੂਮ ਕਿਸਾਨ-ਆਗੂ ਬਲਕਾਰ ਸਿੰਘ ਡਕੌਂਦਾ ਦਾ ਜਨਮ 1956 ਵਿੱਚ ਪਿੰਡ ਡਕੌਂਦਾ, ਜ਼ਿਲ੍ਹਾ ਪਟਿਆਲਾ ਵਿਖੇ ਮਾਤਾ ਹਰਬੰਸ ਕੌਰ ਦੇ ਕੁੱਖੋਂ ਹੋਇਆ, ਪਿਤਾ ਵਿਰਸਾ ਸਿੰਘ ਆਮ ਕਿਸਾਨ ਸੀ। ਬਲਕਾਰ ਸਿੰਘ ਡਕੌਂਦਾ ਦੀ ਅਗਵਾਈ ਵਿਚ ਹਜ਼ਾਰਾਂ ਕਿਸਾਨਾਂ ਨੇ ਭਾਰਤੀ ਕਿਸਾਨ ਯੁੂਨੀਅਨ ਸਿੱਧੂਪੁਰ ਨੂੰ ਛੱਡ ਕੇ 2007 ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਪੰਜਾਬ) ਜਥੇਬੰਦੀ ਬਣਾਈ। ਬਲਕਾਰ ਸਿੰਘ ਡਕੌਂਦਾ (ਪਟਿਆਲਾ) ਇਸਦੇ ਬਾਨੀ ਪ੍ਰਧਾਨ ਬਣੇ। ਉਨ੍ਹਾਂ ਦੇ ਦਿਹਾਂਤ ਉਪਰੰਤ ਜਥੇਬੰਦੀ ਦਾ ਨਾਂ ਬਦਲ ਕੇ ਮਰਹੂਮ ਬਲਕਾਰ ਸਿੰਘ ਡਕੌਂਦਾ ਦੇ ਨਾਂ ’ਤੇ ਭਾਰਤੀ ਕਿਸਾਨ ਯੁੂਨੀਅਨ ਏਕਤਾ-ਪੰਜਾਬ (ਡਕੌਂਦਾ) ਰੱਖ ਦਿੱਤਾ ਗਿਆ।
ਬੀਕੇਯੂ ਡਕੌਂਦਾ ਦੀ ਉਮਰ ਬੇਸ਼ੱਕ ਬਹੁਤ ਛੋਟੀ ਹੈ, ਪਰ ਇਸ ਜਥੇਬੰਦੀ ਦੀ ਲੀਡਰਸ਼ਿਪ ਛੋਟੀ ਕਿਸਾਨੀ ਵਿੱਚੋਂ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਜ਼ਿਆਦਾ ਤਜਰਬਾ ਰਖਦੀ ਹੈ। ਜਥੇਬੰਦੀ ਦਾ ਇਤਿਹਾਸ ਕੁਰਬਾਨੀ ਭਰਿਆ ਹੈ। ਇਸ ਵਿੱਚ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ, ਜੋ ਇੱਕ ਗ਼ਰੀਬ ਕਿਸਾਨ ਦੀ ਜ਼ਮੀਨ ਨੂੰ ਕੁਰਕ ਹੋਣ ਤੋਂ ਬਚਾਉਣ ਲਈ ਆੜ੍ਹਤੀਆਂ ਦੇ ਗੁੰਡਿਆਂ ਨਾਲ ਲੋਹਾ ਲੈਂਦਿਆਂ ਪਿੰਡ ਬੀਰੋਕੇ ਖੁਰਦ (ਮਾਨਸਾ) ਵਿਚ ਸ਼ਹੀਦ ਹੋ ਗਿਆ ਸੀ। ਉਸ ਨੂੰ ਜਥੇਬੰਦੀ ਵੱਲੋਂ ਕੁਰਕੀਆਂ ਨਿਲਾਮੀਆਂ ਖ਼ਿਲਾਫ਼ ਵਿੱਢੇ ਸੰਘਰਸ਼ ਅਤੇ ਜ਼ਮੀਨੀ ਘੋਲ ਦਾ ਪਹਿਲਾ ਸ਼ਹੀਦ ਐਲਾਨਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਹੋਂਦ ਸਮੇਂ ਹੀ ਬਲਕਾਰ ਸਿੰਘ ਡਕੌਂਦਾ ਹੋਰਾਂ ਦੀ ਅਗਵਾਈ ਸਦਕਾ ਇਹ ਪਾਲਿਸ਼ੀ ਨੀਤੀ ਕਿ ਕਿਸਾਨਾਂ ਹੱਥੋਂ ਜ਼ਮੀਨ ਕਰਜ਼ੇ ਦੇ ਇਵਜ਼ ਵਜੋਂ ਨਹੀਂ ਜਾਣ ਦੇਣੀ ਭਾਵੇਂ ਕਿੰਨੀਆਂ ਹੀ ਕੁਰਬਾਨੀਆਂ ਕਰਨੀਆਂ ਪੈਣ। ਔਰਤਾਂ ਉੱਪਰ ਜਬਰ–ਜ਼ੁਲਮ ਖ਼ਿਲਾਫ਼ ਲੜਦਿਆਂ ਕਿਰਨਜੀਤ ਕਤਲ ਕਾਂਡ ਵਿੱਚ ਇਸ ਜਥੇਬੰਦੀ ਨੇ ਮੋਹਰੀ ਰੋਲ ਨਿਭਾਇਆ। ਬਿਨਾਂ ਸ਼ਰਤ ਸੰਘਰਸ਼ਾਂ ਕਰਕੇ ਹੀ ਪ੍ਰੇਮ ਪ੍ਰਕਾਸ਼, ਨਰਾਇਣ ਦੱਤ ਅਤੇ ਮਨਜੀਤ ਸਿੰਘ ਧਨੇਰ ਬਾਇੱਜ਼ਤ ਉਮਰ ਕੈਦ ਦੀ ਸਜ਼ਾ ’ਚੋਂ ਬਾਹਰ ਨਿਕਲੇ।
ਸਾਂਝੇ ਵਿਸ਼ਾਲ ਸੰਘਰਸ਼ਾਂ ਦੇ ਹਾਮੀ ਬਲਕਾਰ ਸਿੰਘ ਡਕੌਂਦਾ ਨੇ ਸੰਘਰਸ਼ਾਂ ’ਚ ਜਿੱਤਾਂ ਦਰਜ਼ ਕੀਤੀਆਂ। ਉਨ੍ਹਾਂ ਦੀ ਅਗਵਾਈ ਵਿਚੋਂ ਮਹੱਤਵਪੂਰਨ ਗਿਣਨਯੋਗ ਸੰਘਰਸ਼ ਜੋ ਸਾਂਝਾ ਸੀ ਅਤੇ ਜੇਤੂ ਸੀ, ਉਹ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਖੇਤੀ ਵਾਸਤੇ ਬਿਜਲੀ ਦੇ ਦੁਬਾਰਾ ਬਿੱਲ ਲਗਾ ਦਿੱਤੇ ਸਨ। ਅੰਤ ਸਾਂਝੇ ਸੰਘਰਸ਼ ਅੱਗੇ ਝੁਕਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਖੇਤੀ ਮੋਟਰਾਂ ਦੇ ਬਿੱਲ ਮੁਆਫ਼ ਕੀਤੇ ਜੋ ਅੱਜ ਤੱਕ ਮੁਆਫ਼ ਹਨ। ਬਲਕਾਰ ਸਿੰਘ ਡਕੌਂਦਾ ਪੇਸ਼ੇ ਵਜੋਂ ਭਾਵੇਂ ਆਰ. ਐਮ.ਪੀ. ਡਾਕਟਰ ਸਨ, ਜੋ ਕਿ ਆਪਣੇ ਪਿੰਡ ਡਕੌਂਦਾ ਜ਼ਿਲ੍ਹਾ ਪਟਿਆਲਾ ਵਿਖੇ ਹੀ ਪ੍ਰੈਕਟਿਕਸ ਕਰਦੇ ਸਨ, ਪਰ ਉਹ ਜੀਵਨ ਦੇ ਜਵਾਨੀ ਪਹਿਰੇ ਤੋਂ ਸਾਹਿਤ ਦੀ ਚੇਟਕ ਹਾਸਲ ਕਰ ਸਮਾਜ ਵਿੱਚ ਵਾਪਰਦੇ ਹਰ ਵਰਤਾਰੇ ਨੂੰ ਬਹੁਤ ਨੇੜਿਉਂ ਹੋਕੇ ਤੱਕਦੇ ਸਨ।
ਇਸੇ ਕਰਕੇ ਉਹ 1990-91 ਤੋਂ ਨਵੀਆਂ ਸਾਮਰਾਜੀ ਨੀਤੀਆਂ ਰਾਹੀਂ ਖੇਤੀ ਖੇਤਰ ਦੇ ਕੀਤੇ ਜਾਣ ਵਾਲੇ ਉਜਾੜੇ ਪ੍ਰਤੀ ਚਿੰਤਤ ਸਨ। ਇਸੇ ਕਰਕੇ ਉਨ੍ਹਾਂ ਚੇਤੰਨ ਰੂਪ ’ਚ ਕਿਸਾਨ ਜਥੇਬੰਦੀ ਵਿੱਚ ਆਗੂ ਹੈਸੀਅਤ ਦੇ ਰੂਪ’ਚ ਕੰਮ ਕਰਨਾ ਸ਼ੁਰੂ ਕੀਤਾ। 2007 ਦੇ ਬੀਕੇਯੂ ਏਕਤਾ ਦੀ ਨੀਂਹ ਰੱਖਣ ਸਮੇਂ ਸੂਬਾ ਪ੍ਰਧਾਨ ਦੀ ਵਡੇਰੀ ਜਿੰਮੇਵਾਰੀ ਸਾਂਭਣ ਦਾ ਮਾਣ ਹਾਸਲ ਕੀਤਾ। 12-13 ਜੁਲਾਈ 2010 ਦੀ ਕਾਲੀ ਰਾਤ ਨੂੰ ਫ਼ਤਹਿਗੜ੍ਹ ਸਾਹਿਬ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਬਲਕਾਰ ਸਿੰਘ ਡਕੌਂਦਾ ਅਤੇ ਉਨ੍ਹਾਂ ਦੀ ਜੀਵਨ ਸਾਥਣ ਜਸਵੀਰ ਕੌਰ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਬੇਵਕਤੀ ਵਿਛੋੜੇ ਨਾਲ ਪਰਿਵਾਰ ਅਤੇ ਜਥੇਬੰਦੀ ਨੂੰ ਅਸਹਿ ਤੇ ਅਕਹਿ ਘਾਟਾ ਪਿਆ। ਇਉਂ ਇੱਕ ਦ੍ਰਿੜ ਨਿਹਚੇ ਵਾਲਾ ਸਚਿਆਰਾ ਇਨਸਾਨ ਇਸ ਸੰਸਾਰ ਤੋਂ ਕੂਚ ਕਰ ਗਿਆ।
ਸਾਡਾ ਇਹ ਹਰਮਨਪਿਆਰਾ ਆਗੂ ਕਿਸਾਨੀ ਕਿੱਤੇ ਦੇ ਸੰਕਟ ਪਿੱਛੇ ਕੰਮ ਕਰਦੇ ਬੁਨਿਆਦੀ ਕਾਰਨਾਂ ਨੂੰ ਸਮਝਦਾ ਸੀ। ਉਹ ਇਹ ਵੀ ਜਾਣਦਾ ਸੀ ਕਿ ਇਹ ਸੰਕਟ ਇਕੱਲਾ ਕਿਸਾਨਾਂ ਦਾ ਹੀ ਨਹੀਂ ਸਗੋਂ ਕਿਰਤ ਕਰਨ ਵਾਲੇ ਸੱਭੇ ਲੋਕਾਂ ਦਾ ਖਾਸ ਕਰ ਪੇਂਡੂ ਖਿੱਤੇ ਦੀ ਸੱਭਿਅਤਾ ਦਾ ਸੰਕਟ ਹੈ। ਇਸ ਤੋਂ ਵੀ ਅੱਗੇ ਸਾਡਾ ਇਹ ਲੋਕਾਂ ਦਾ ਆਗੂ ਤਾਂ ਵਡੇਰੇ ਸੰਕਟ ਦੇ ਸਨਮੁੱਖ ਵਿਸ਼ਾਲ ਅਧਾਰ ਵਾਲੇ ਸਾਂਝੇ ਸੰਘਰਸ਼ਾਂ ਦੀ ਬੇਹੱਦ ਅਣਸਰਦੀ ਲੋੜ ਸਮਝਦਾ ਸੀ। ਕਿਸਾਨੀ ਘੋਲਾਂ ਵਿੱਚ ਮੋਹਰੀ ਹੋਕੇ ਗ੍ਰਿਫਤਾਰੀਆਂ ਦੇਣ ਵਾਲਾ, ਜੇਲ੍ਹਾਂ ਨੂੰ ਵੀ ਸਿਆਸੀ ਸਕੂਲਾਂ ਵਜੋਂ ਵਰਤਣ ਵਾਲਾ, ਪ੍ਰੋਗਰਾਮਾਂ ਨੂੰ ਵਿਉਂਤਣ ਦੀ ਵੀ ਪੂਰੀ ਮੁਹਾਰਤ ਰੱਖਣ ਵਾਲਾ ਬਲਕਾਰ ਸਿੰਘ ਡਕੌਂਦਾ ਜਿੰਨਾ ਸ਼ਕਲ ਸੂਰਤ ਪੱਖੋਂ ਸੋਹਣਾ ਸੀ, ਸੀਰਤ ਪੱਖੋਂ ਵੀ ਉਸ ਦਾ ਕੋਈ ਸਾਨੀ ਨਹੀਂ ਸੀ। ਨਰਮ, ਨੇਕ ਦਿਲ ਇਨਸਾਨ ਪਰ ਮੌਕਾ ਪੈਣ ਤੇ ਸ਼ੇਰ ਵਾਂਗ ਦਹਾੜਨ ਦਾ ਕੋਈ ਮੌਕਾ ਵੀ ਨਹੀਂ ਸੀ ਖੁੰਜਣ ਦਿੰਦਾ। ਬਲਕਾਰ ਸਿੰਘ ਡਕੌਂਦਾ ਦੀ ਪਛਾਣ ਜੇਕਰ ਕਿਸਾਨੀ ਸੰਘਰਸ਼ਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਉਂਗਲਾਂ ਉੱਪਰ ਗਿਣੇ ਜਾਣ ਵਾਲੇ ਸੰਘਰਸ਼ਸ਼ੀਲ ਕਿਸਾਨ ਆਗੂਆਂ ਵਿੱਚੋਂ ਤਾਂ ਸੀ ਹੀ, ਪਰ ਉਸ ਦੀ ਪਛਾਣ ਖੇਤੀ ਵਿਗਿਆਨੀਆਂ/ਆਰਥਿਕ ਮਾਹਿਰਾਂ ਖਾਸ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਜੇ.ਐਨ.ਯੂ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਐਮ.ਆਰ-2004 (ਜਿਸ ਵਿਚ ਲੋਕਪੱਖੀ ਸੈਂਕੜੇ ਖੇਤੀਬਾੜੀ ਵਿਗਿਆਨੀ ਤੇ ਕਿਸਾਨ ਆਗੂ ਸੰਸਾਰ ਭਰ ਵਿਚੋਂ ਮੁੰਬਈ ਕਾਰਪੋਰੇਟ ਦੀਆਂ ਨੀਤੀਆਂ ਖਿਲਾਫ਼ ਵਿਉਂਤਬੰਦੀ ਕਰਨ ਲਈ ਇਕੱਤਰ ਹੋਏ ਸਨ) ਵਿੱਚ ਜਥੇਬੰਦੀ ਵੱਲੋਂ ਰੱਖੇ ਪਰਚਿਆਂ ਮੌਕੇ ਉਸ ਤੋੰ ਕਿਸੇ ਵਧੇਰੇ ਸੀ। ਕਿਉਂਕਿ ਬਲਕਾਰ ਤਾਂ ਯੂਨੀਵਰਸਿਟੀਆਂ ਦੇ ਪ੍ਰੋਫੇਸਰਾਂ/ਡਾਕਟਰਾਂ ਨਾਲ ਸੰਵਾਦ ਰਚਾਉਣ ਕਿਸਾਨੀ ਮਸਲੇ ਦਾ ਲੋਕ ਪੱਖੀ ਵਿਗਿਆਨਕ ਨਜਰੀਏ ਤੋਂ ਪੱਖ ਰੱਖਣ ਵਿੱਚ ਵੀ ਪੂਰੀ ਮੁਹਾਰਤ ਰੱਖਦਾ ਸੀ। ਇਸ ਕਰਕੇ ਬਲਕਾਰ ਸਿੰਘ ਡਕੌਂਦਾ ਬਹੁਪਰਤੀ ਸਖਸ਼ੀਅਤ ਦਾ ਮਾਲਕ ਸੀ । ਕਿਸਾਨੀ ਦੀਆਂ ਆਰਥਿਕ ਮੰਗਾਂ ਦੇ ਨਾਲ ਰਾਜਕੀ ਜਬਰ ਦੇ ਵਰਤਾਰਿਆਂ ਪ੍ਰਤੀ ਵੀ ਸੁਚੇਤ ਸੀ।
ਵਿਗਿਆਨਕ ਵਿਚਾਰਧਾਰਾ ਦਾ ਧਾਰਨੀ ਇਨਸਾਨ ਇੱਕੋ ਸਮੇਂ ਵੱਡੇ ਤੋਂ ਵੱਡੇ ਸੰਘਰਸ਼ਾਂ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਸੀ। ਯੂਨੀਵਰਸਿਟੀਆਂ ਦੇ ਡਾਕਟਰਾਂ, ਵਿਗਿਆਨੀਆਂ ਨਾਲ ਗੰਭੀਰ ਵਿਸ਼ਿਆਂ ’ਤੇ ਸੰਵਾਦ ਰਚਾਉਣ ਦੀ ਅਥਾਹ ਸਮਰੱਥਾ ਰੱਖਦਾ ਅਤੇ ਨਾਲ ਦੀ ਨਾਲ ਕਿਸਾਨਾਂ ਨੂੰ ਨੰਗੇ ਧੜ, ਨਿਰਸਵਾਰਥ ਅਤੇ ਕਾਮਯਾਬੀ ਵਾਲੇ ਘੋਲਾਂ ਦੀ ਅਗਵਾਈ ਦੇਣ ਦੀ ਵੀ ਅਹਿਮ ਯੋਗਤਾ ਸੀ। ਅਜਿਹੇ ਸੂਝਵਾਨ ਵਿਰਲੇ ਹੀ ਹੁੰਦੇ ਹਨ। ਅੱਜ ਉਨ੍ਹਾਂ ਦੀ 13ਵੀਂ ਬਰਸੀ ’ਤੇ ਅਸੀਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪੰਜਾਬ ਦੇ ਬਹੁਤੇ ਜ਼ਿਲ੍ਹਾ ਹੈਡਕੁਆਰਟਰਾਂ ਤੋਂ ਕਿਸਾਨਾਂ ਦੇ ਵੱਡੇ ਇਕੱਠ ਕਰਕੇ ਉਨ੍ਹਾਂ ਦੀ ਯਾਦ ਨੂੰ ਸਿੱਜਦਾ ਕਰਾਂਗੇ।