Punjab

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ‘ਵਹੀਰ ਯਾਤਰਾ’ ਸ਼ੁਰੂ, ਇਨ੍ਹਾਂ ਲੋਕਾਂ ਦੇ ਸ਼ਾਮਲ ਹੋਣ ‘ਤੇ ਸਖ਼ਤ ਮਨਾਹੀ

Bhai Amritpal Singh 'Vahir Yatra' of 13 steps started from Shri Akal Takht Sahib.

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯਾਤਰਾ 13 ਪੜਾਵਾਂ ਤੋਂ ਹੁੰਦੀ ਹੋਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖ਼ਤਮ ਹੋਵੇਗੀ। ਵੱਡੀ ਗਿਣਤੀ ਵਿੱਚ ਸੰਗਤ ਇਸ ਯਾਤਰਾ ਵਿੱਚ ਸ਼ਾਮਿਲ ਹੋਈ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਤੋਂ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਯਾਤਰਾ ਸ਼ੁਰੂ ਕੀਤੀ ਗਈ। ਇਸ ਯਾਤਰਾ ਵਿੱਚ ਸਿੱਖਾਂ ਸਮੇਤ ਬਾਕੀ ਹੋਰ ਵਰਗਾਂ ਦੇ ਲੋਕ ਵੀ ਸ਼ਾਮਿਲ ਹੋਏ।

ਅੰਮ੍ਰਿਤਪਾਲ ਸਿੰਘ ਵੱਲੋਂ ਸਿੱਖ ਸੰਗਤਾਂ ਨੂੰ ਜਿੱਥੇ ਇਸ ਯਾਤਰਾ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ, ਉੱਥੇ ਹੀ ਇਸ ਦੇ ਨਾਲ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਹਨ।

• ਖਾਲਸਾ ਵਹੀਰ ਦੌਰਾਨ ਮੋਬਾਇਲ ਦੀ ਵਰਤੋਂ, ਫ਼ੋਟੋਗ੍ਰਾਫ਼ੀ, ਵੀਡੀਓਗ੍ਰਾਫ਼ੀ, ਲਾਇਵ ਆਦਿ ਦੀ ਮਨਾਹੀ ਹੋਵੇਗੀ।
• ਪੜਾਅ ਉੱਤੇ ਰਾਤ ਰਹਿਣ ਦਾ ਪ੍ਰਬੰਧ ਕੇਵਲ ਜਥੇਬੰਦੀ ਦੇ ਮਰਦ ਮੈਂਬਰਾਂ ਦਾ ਹੀ ਹੋਵੇਗਾ। ਪਰਿਵਾਰ ਸਮੇਤ ਖ਼ਾਸਕਰ ਔਰਤਾਂ ਤੇ ਬੱਚਿਆਂ ਨਾਲ ਸ਼ਾਮਲ ਹੋਣ ਵਾਲਿਆਂ ਲਈ ਰਿਹਾਇਸ਼ ਦਾ ਪ੍ਰਬੰਧ ਨੇੜਲੇ ਗੁਰਦੁਆਰਿਆਂ ਵਿੱਚ ਕੀਤਾ ਜਾਵੇਗਾ।

• ਠੰਢੇ ਮੌਸਮ ਅਤੇ ਮੀਂਹ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਗਰਮ ਕੱਪੜੇ, ਬਿਸਤਰੇ ਤੇ ਹੋਰ ਲੋੜੀਂਦੇ ਸਮਾਨ ਆਪਣੇ ਨਾਲ ਲਿਆਉਣ ਦੀ ਹਦਾਇਤ ਹੈ।
• ਰੌਲਾ ਪਾਉਣ ਤੇ ਇਸ਼ਤਿਹਾਰਬਾਜ਼ੀ ਦੀ ਮਨਾਹੀ ਹੋਵੇਗੀ। ਕਾਰਾਂ, ਮੋਟਰਸਾਈਕਲਾਂ ਤੇ ਟਰੈਕਟਰਾਂ ’ਤੇ ਕਿਸੇ ਵੀ ਕਿਸਮ ਦੀ ਇਸ਼ਤਿਹਾਰਬਾਜ਼ੀ ਤੋਂ ਗ਼ੁਰੇਜ਼ ਕਰਨ ਲਈ ਕਿਹਾ ਗਿਆ ਹੈ।
• ਸੜਕ ’ਤੇ ਚੱਲਦਿਆਂ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਦਿੱਤੀ ਜਾਵੇ, ਇਸ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।
• ਰਾਹ ਵਿੱਚ ਖਾਣ ਪੀਣ ਦੀਆਂ ਵਸਤਾਂ ਵੰਡਣ ਉੱਤੇ ਵੀ ਮਨਾਹੀ ਹੈ। ਲੰਗਰ ਨਿਰਧਾਰਿਤ ਥਾਵਾਂ ’ਤੇ ਛਕਣ ਲਈ ਕਿਹਾ ਗਿਆ ਹੈ।

ਕੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ?

ਮਰਹੂਮ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਵੱਲੋਂ ਵਾਰਿਸ ਪੰਜਾਬ ਦੇ ਨਾਮ ਦੀ ਜਥੇਬੰਦੀ ਦਾ ਗਠਨ ਸਤੰਬਰ 2021 ਵਿੱਚ ਕੀਤਾ ਗਿਆ ਸੀ। ਉਸ ਵੇਲੇ ਉਨਾਂ ਵਲੋਂ ਇਸ ਨੂੰ ਬਣਾਉਣ ਪਿੱਛੇ ਮਕਸਦ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਦੱਸਿਆ ਗਿਆ ਸੀ। ਦੀਪ ਸਿਧੂ ਵਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਨੌਜਵਾਨਾਂ ਨੂੰ ਜੋੜਨ ਦਾ ਕੰਮ ਕੀਤਾ ਗਿਆ। ਉਹ ਕਿਸਾਨ ਅੰਦੋਲਨ ਦੌਰਾਨ ਵੀ ਸਰਗ਼ਰਮ ਰਹੇ ਤੇ 26 ਜਨਵਰੀ 2021 ਨੂੰ ਲਾਲ ਕਿਲ੍ਹੇ ਵੱਲ ਗਈ ਭੀੜ ਦਾ ਹਿੱਸਾ ਰਹਿਣ ਕਾਰਨ ਵਿਵਾਦਾਂ ਵਿੱਚ ਰਹੇ। ਬਾਅਦ ਵਿੱਚ ਉਨ੍ਹਾਂ ਦੀ ਦਿੱਲੀ ਕੋਲ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅੰਮ੍ਰਿਤਪਾਲ ਸਿੰਘ ਹੁਣ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਹਨ।

 

ਕੌਣ ਹਨ ਅੰਮ੍ਰਿਤਪਾਲ ਸਿੰਘ ?

ਅੰਮ੍ਰਿਤਪਾਲ ਸਿੰਘ ਦੁਬਈ ਤੋਂ ਪੰਜਾਬ ਆਏ ਹਨ। ਉਹ ਹੁਣ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ ਅੰਮ੍ਰਿਤਪਾਲ ਦਾ ਦਾਅਵਾ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਪ੍ਰਤੀ ਦੀਪ ਸਿੱਧੂ ਦੀ ਸੰਵੇਦਨਾ ਦੇਖਦਿਆਂ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਤੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ ਕਰੀਬੀਆਂ ਵਿੱਚ ਸ਼ਾਮਿਲ ਹੋਏ। ਉਹ ਦੀਪ ਸਿੱਧੂ ਦਾ ਵੀ ਖੁੱਲ੍ਹ ਕੇ ਸਮਰਥਨ ਕਰਦੇ ਨਜ਼ਰ ਆਏ। ਇੱਥੋਂ ਹੀ ਉਹ ਚਰਚਾ ਵਿਚ ਆਏ ਸਨ। 15 ਫਰਵਰੀ 2022 ਵਿੱਚ ਸੜਕ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਮਗਰੋਂ ਅੰਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥਬੰਦੀ ਦੇ ਪ੍ਰਧਾਨ ਬਣੇ। ਅੰਮ੍ਰਿਤਪਾਲ ਵਲੋਂ ਪੰਜਾਬ ਵਿੱਚ ਲਗਾਤਾਰ ਅਜਿਹੇ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਆਮ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ।

ਤਿੰਨ ਭੈਣ ਭਰਾਵਾਂ ਵਿਚੋਂ ਅੰਮ੍ਰਿਤਪਾਲ ਸਭ ਤੋਂ ਛੋਟੇ ਹਨ ਅਤੇ ਉਹ ਬਾਰਵੀਂ ਤੱਕ ਪਿੰਡ ਵਿੱਚ ਹੀ ਪੜ੍ਹੇ ਤੇ ਉਸ ਤੋਂ ਬਾਅਦ ਪਰਿਵਾਰਕ ਕਾਰੋਬਾਰ ਲਈ ਦੁਬਈ ਚਲੇ ਗਏ।