‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਸੀਐੱਮ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਸੀਐੱਮ ਚਿਹਰਾ ਐਲਾਨਿਆ ਹੈ। ਸੀਐੱਮ ਚਿਹਰੇ ਦੇ ਐਲਾਨ ਮੌਕੇ ਕੇਜਰੀਵਾਲ ਨੇ ਲੋਕਾਂ ਸਾਹਮਣੇ ਅੰਕੜੇ ਰੱਖਦਿਆਂ ਦੱਸਿਆ ਕਿ 21 ਲੱਖ ਤੋਂ ਵੱਧ ਲੋਕਾਂ ਦੇ ਜਵਾਬ ਆਏ। ਲੋਕਾਂ ਨੇ ਜੋ ਵੋਟ ਦਿੱਤੇ ਹਨ, ਉਸ ਵਿੱਚ ਕਈ ਲੋਕਾਂ ਨੇ ਮੇਰਾ ਨਾਂ ਵੀ ਸ਼ਾਮਿਲ ਕੀਤਾ ਪਰ ਅਸੀਂ ਉਨ੍ਹਾਂ ਵੋਟਾਂ ਨੂੰ ਰੱਦ ਕਰ ਦਿੱਤਾ। ਜੋ ਵੋਟਾਂ ਬਚੀਆਂ, ਉਸ ਵਿੱਚੋਂ 93.3 ਫ਼ੀਸਦ ਲੋਕਾਂ ਨੇ ਭਗਵੰਤ ਮਾਨ ਦਾ ਨਾਂ ਲਿਆ। ਦੂਸਰੇ ਨੰਬਰ ‘ਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਸੀ ਜਿਨ੍ਹਾਂ 3.6 ਫ਼ੀਸਦੀ ਵੋਟ ਮਿਲੇ।
ਜਦੋਂ ਕੇਜਰੀਵਾਲ ਨੇ ਭਗਵੰਤ ਨੂੰ ਪੰਜਾਬ ਦਾ ਸੀਐੱਮ ਚਿਹਰਾ ਐਲਾਨਿਆ ਤਾਂ ਉੱਥੇ ਮੌਜੂਦ ਲੋਕਾਂ ਵੱਲੋਂ ਢੋਲ ਵਜਾ ਕੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਭਗਵੰਤ ਮਾਨ ਵੀ ਭਾਵੁਕ ਹੁੰਦੇ ਹੋਏ ਨਜ਼ਰ ਆਏ। ਸਟੇਜ ‘ਤੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ ਅਤੇ ਜਰਨੈਲ ਸਿੰਘ ਮੌਜੂਦ ਸਨ। ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਸਾਡਾ ਸੀਐੱਮ ਭਗਵੰਤ ਮਾਨ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਜੇ ਹਰਾ ਪੈੱਨ ਸਾਡੇ ਹੱਥ ਵਿੱਚ ਆਇਆ ਤਾਂ ਉਹ ਪੈੱਨ ਹਮੇਸ਼ਾ ਲੋੜਵੰਦਾ, ਗਰੀਬਾਂ, ਲੋਕਾਂ ਦੇ ਹੱਕ ਵਿੱਚ ਚੱਲੇਗਾ। ਸਾਡਾ ਪਹਿਲਾ ਸਫ਼ਰ ਹੈ ਕਿ ਆਪਾਂ ਸਰਕਾਰ ਬਣਾਈਏ। ਪੰਜਾਬ ਬਹੁਤ ਵਾਰ ਡਿੱਗਿਆ ਹੈ ਪਰ ਪੰਜਾਬ ਬਹੁਤ ਵਾਰ ਉੱਠਿਆ ਵੀ ਹੈ। ਅਸੀਂ ਬਾਹਰਲੇ ਮੁਲਕ ਵਿੱਚ ਸਾਡੇ ਨੌਜਵਾਨਾਂ ਦੇ ਜੋ ਜਹਾਜ਼ ਭਰ ਕੇ ਜਾ ਰਹੇ ਹਨ, ਉਨ੍ਹਾਂ ਨੂੰ ਰੋਕਾਂਗੇ। ਖੁਸ਼ੀ ਅਸੀਂ ਉਦੋਂ ਮਨਾਵਾਂਗੇ ਜਦੋਂ ਅਸੀਂ ਪੰਜਾਬ ਨੂੰ ਖੁਸ਼ਹਾਲ ਕਰ ਲਿਆ। ਭਗਵੰਤ ਮਾਨ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਆਪ ਲਈ ਨਿੱਠ ਕੇ ਕੰਮ ਕਰ ਰਹੇ ਹਨ। ਉਹ ਮੁਲਕ ਭਰ ਵਿੱਚੋਂ ਆਪ ਦੇ ਇੱਕੋ ਇੱਕ ਮੈਂਬਰ ਪਾਰਲੀਮੈਂਟ ਵਜੋਂ ਸੰਸਦ ਵਿੱਚ ਗਰਜ ਰਹੇ ਹਨ। ਉਨ੍ਹਾਂ ਨੇ 2014 ਵਿੱਚ ਪਹਿਲੀ ਵਾਰ ਲੋਕ ਸਭਾ ਦੀ ਚੋਣ ਜਿੱਤੀ ਸੀ। ਉਸ ਵੇਲੇ ਆਪ ਦੇ ਤਿੰਨ ਹੋਰ ਉਮੀਦਵਾਰ ਵੀ ਜਿੱਤ ਗਏ ਸਨ। ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਵਿੱਚ ਆਪ ਮੁੱਖ ਵਿਰੋਧੀ ਧਿਰ ਵਜੋਂ ਉੱਭਰੀ ਪਰ ਬਾਅਦ ਵਿੱਚ ਇੱਕ – ਇੱਕ ਕਰਕੇ ਵਿਧਾਇਕ ਛਾਲ ਮਾਰ ਕੇ ਕਾਂਗਰਸ ਦੇ ਬੇੜੇ ਵਿੱਚ ਸਵਾਰ ਹੁੰਦੇ ਰਹੇ, ਜਿਸਦੇ ਸਿੱਟੇ ਵਜੋਂ ਆਪ ਵਿਧਾਨ ਸਭਾ ਵਿੱਚ ਫਾਡੀ ਰਹਿ ਗਈ।
ਇਸ ਮੌਕੇ ਭਗਵੰਤ ਮਾਨ ਦੇ ਜੀਵਨ ‘ਤੇ ਇੱਕ ਲਘੂ ਫਿਲਮ ਵੀ ਲੋਕਾਂ ਨੂੰ ਵਿਖਾਈ ਗਈ। ਭਗਵੰਤ ਮਾਨ ਦੀ ਭੈਣ ਅਤੇ ਮਾਤਾ ਨੇ ਵੀ ਸਟੇਜ ਤੋਂ ਕੇਜਰੀਵਾਲ ਦਾ ਧੰਨਵਾਦ ਕੀਤਾ ਅਤੇ ਪੰਜਾਬ ਦੇ ਲੋਕਾਂ ਤੋਂ ਸਹਿਯੋਗ ਮੰਗਿਆ। ਆਮ ਆਦਮੀ ਪਾਰਟੀ ਵੱਲੋਂ ਪਿਛਲੇ ਕਈ ਚਿਰਾਂ ਤੋਂ ਮੁੱਖ ਮੰਤਰੀ ਦੇ ਚਿਹਰੇ ਨੂੰ ਅੱਗੇ ਪਾਇਆ ਜਾ ਰਿਹਾ ਸੀ। ਪਿਛਲੀ ਵਾਰ 13 ਜਨਵਰੀ ਨੂੰ ਜਦੋਂ ਕੇਜਰੀਵਾਲ ਪੰਜਾਬ ਆਏ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਵੱਖਰੀ ਪਹੁੰਚ ਅਪਣਾ ਕੇ ਲੋਕਾਂ ਦੀ ਇੱਛਾ ਅਨੁਸਾਰ ਮੁੱਖ ਮੰਤਰੀ ਦਾ ਚਿਹਰਾ ਦੇਣਗੇ ਜਿਸਦੇ ਲਈ ਇੱਕ ਫੋਨ ਨੰਬਰ 70748 70748 ਦਿੱਤਾ ਗਿਆ ਸੀ ਜਿਸ ‘ਤੇ 17 ਨਵੰਬਰ ਦੀ ਸ਼ਾਮ ਪੰਜ ਵਜੇ ਤੱਕ ਲੋਕਾਂ ਨੂੰ ਆਪਣੀ ਸਲਾਹ ਦੱਸਣ ਦਾ ਮੌਕਾ ਦਿੱਤਾ ਗਿਆ ਸੀ।
ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਗਵੰਤ ਮਾਨ ਨੂੰ ਵੋਟਾਂ ਦੇ ਆਧਾਰ ‘ਤੇ ਚੁਣਿਆ ਹੈ। ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਲੋਕਾਂ ਨੂੰ ਭਗਵੰਤ ਮਾਨ ਦਾ ਚਿਹਰਾ ਦੇਣ ਵਿੱਚ ਪਹਿਲ ਕਰ ਗਈ ਹੈ। ਅਕਾਲੀ ਦਲ ਵੱਲੋਂ ਚਾਹੇ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ ਪਰ ਸਮਝਿਆ ਜਾ ਰਿਹਾ ਹੈ ਕਿ ਗੁਣਾ ਸੁਖਬੀਰ ਸਿੰਘ ਬਾਦਲ ‘ਤੇ ਪਵੇਗਾ। ਇਸੇ ਤਰ੍ਹਾਂ ਸੰਯੁਕਤ ਸਮਾਜ ਮੋਰਚਾ ਵੱਲੋਂ ਵੀ ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਿਆ ਜਾ ਰਿਹਾ ਹੈ। ਸੱਤਾਧਾਰੀ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਫ਼ੀ ਖਿਲਾਰਾ ਪਿਆ ਹੋਇਆ ਹੈ। ਜਦਕਿ ਭਾਜਪਾ ਗੱਠਜੋੜ ਹਾਲੇ ਤੱਕ ਉਮੀਦਵਾਰਾਂ ਬਾਰੇ ਫੈਸਲਾ ਨਹੀਂ ਕਰ ਸਕੇ।