Punjab

ਪੰਜਾਬ ‘ਚ ED ਦੀ 10 ਥਾਂਵਾਂ ‘ਤੇ ਛਾਪੇਮਾਰੀ, ਚੰਨੀ ਦੇ ਰਿਸ਼ਤੇਦਾਰਾਂ ‘ਤੇ ਵੀ ਡਿੱਗੀ ਗਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਚੰਨੀ ਦੇ ਭਤੀਜੇ ਸਮੇਤ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਕਰੀਬੀ ਬਨੇਗਾ ਕਲਾਂ ਦੇ ਸਾਬਕਾ ਸਰਪੰਚ ਰਣਦੀਪ ਸਿੰਘ ਸਮੇਤ ਹੋਰਨਾਂ ਖਿਲਾਫ ਵੀ ਈਡੀ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ। ਈਡੀ ਨੇ ਨਜਾਇਜ਼ ਰੇਤ ਖਣਨ ਮਾਮਲੇ ਵਿੱਚ ਮੁੱਖ ਮੰਤਰੀ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਅਤੇ ਹੋਰਨਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਪੱਖ ਤੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਅੱਜ ਸਵੇਰੇ ਪੰਜਾਬ ਵਿੱਚ 10 ਹੋਰ ਥਾਂਵਾਂ ’ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ ਵਿੱਚ ਵੀ ਈਡੀ ਨੇ ਛਾਪੇਮਾਰੀ ਕੀਤੀ ਹੈ। ਰਾਹੋਂ ਅਤੇ ਮੁਹਾਲੀ ਪੁਲਿਸ ਸਟੇਸ਼ਨ ਵਿੱਚ ਦਰਜ ਹੋਈ ਐੱਫਆਈਆਰ ਦੇ ਆਧਾਰ ‘ਤੇ ਹੀ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਚੰਨੀ ਦੇ ਰਿਸ਼ਤੇਦਾਰ ਦੇ ਟਿਕਾਣਿਆਂ ‘ਤੇ ਈਡੀ ਵੱਲੋਂ ਛਾਪੇਮਾਰੀ ਕੀਤੇ ਜਾਣ ਦੀਆਂ ਖਬਰਾਂ ਵਿਚਾਲੇ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਅਲਕਾ ਲਾਂਬਾ ਨੇ ਟਵੀਟ ਰਾਂਹੀ ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਕੱਸਿਆ ਹੈ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਸੀਬੀਆਈ, ਈਡੀ ਅਤੇ ਆਈਟੀ ਦੇ ਛਾਪੇ ਭਾਜਪਾ ਸਰਕਾਰ ਦਾ ਇੱਕ ਸੰਦ ਬਣ ਗਏ ਹਨ। ਉਹਨਾਂ ਨੇ ਨਾਲ ਹੀ ਇਸ ਤੋਂ ਪਹਿਲਾਂ ਇਨਕਮ ਟੈਕਸ, ਈਡੀ ਅਤੇ ਸੀਬੀਆਈ ਦੇ ਛਾਪਿਆਂ ਦਾ ਵੀ ਜ਼ਿਕਰ ਕੀਤਾ ਹੈ ਜੋ ਕਿ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਹੀ ਕਾਂਗਰਸੀ ਜਾਂ ਫਿਰ ਭਾਜਪਾ ਵਿਰੋਧੀ ਪਾਰਟੀਆਂ ਦੇ ਆਗੂਆਂ ‘ਤੇ ਕੀਤੇ ਗਏ ਸਨ।

ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ 2018 ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕੇਸ ਦਰਜ ਕੀਤਾ ਸੀ, ਜਿਸ ਵਿੱਚ ਧਾਰਾ 420 ਵੀ ਬਾਕੀ ਧਾਰਾਵਾਂ ਨਾਲ ਲੱਗੀ ਹੋਈ ਸੀ। ਇਸ ਦੇ ਆਧਾਰ ‘ਤੇ ਈਡੀ ਨੇ ਮਾਮਲੇ ਨੂੰ ਟੇਕਓਵਰ ਕਰ ਲਿਆ ਸੀ। ਪਹਿਲਾਂ ਇਸ ਵਿੱਚ ਕੁਦਰਤਜੀਤ ਨਾਮ ਦੇ ਮੁਲਜ਼ਮ ਦਾ ਨਾਂ ਸਾਹਮਣੇ ਆਇਆ ਸੀ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਦਾ ਮੁੱਖ ਸੂਤਰਧਾਰ ਭੁਪਿੰਦਰ ਹਨੀ ਹੈ। ਇਸ ਤੋਂ ਬਾਅਦ ਈਡੀ ਭੁਪਿੰਦਰ ਹਨੀ ਤੱਕ ਪਹੁੰਚੀ, ਜੋ ਮੁਹਾਲੀ ਦੇ ਸੈਕਟਰ 70 ਦੀ ਹੋਮਲੈਂਡ ਸੁਸਾਇਟੀ ਵਿੱਚ ਰਹਿੰਦਾ ਹੈ। ਇਹ ਭੁਪਿੰਦਰ ਹਨੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਉਹ ਸੀਐਮ ਚੰਨੀ ਦੀ ਸਾਲੀ ਦਾ ਬੇਟਾ ਦੱਸਿਆ ਜਾ ਰਿਹਾ ਹੈ।

ਈਡੀ ਜਾਂਚ ਕਰ ਰਿਹਾ ਹੈ ਕਿ ਕੀ ਭੁਪਿੰਦਰ ਹਨੀ ਵੱਲੋਂ ਗੈਰ-ਕਾਨੂੰਨੀ ਰੇਤ ਮਾਈਨਿੰਗ ਵਿੱਚ ਸੀਐਮ ਚੰਨੀ ਦਾ ਪ੍ਰਭਾਵ ਵਰਤਿਆ ਗਿਆ ਸੀ। ਕੀ ਸੀਐਮ ਚੰਨੀ ਦਾ ਨਾਂ ਲੈ ਕੇ ਹੋ ਰਹੀ ਸੀ ਰੇਤ ਦੀ ਨਾਜਾਇਜ਼ ਮਾਈਨਿੰਗ। ਇਸ ਮਾਮਲੇ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਰਾਹੀਂ ਕਰੋੜਾਂ ਰੁਪਏ ਕਮਾਉਣ ਦਾ ਸ਼ੱਕ ਹੈ। ਸੀਐੱਮ ਚਰਨਜੀਤ ਚੰਨੀ ਨੂੰ ਲੈ ਕੇ ਰੇਤ ਦੀ ਮਾਈਨਿੰਗ ਦਾ ਮੁੱਦਾ ਪਹਿਲਾਂ ਵੀ ਉੱਠਿਆ ਸੀ। ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਹ ਮਾਮਲਾ ਉਠਾਇਆ ਸੀ। ਉਸ ਸਮੇਂ ਚਰਨਜੀਤ ਚੰਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਸਨ। ਹਾਲਾਂਕਿ ਚੰਨੀ ਨੇ ਉਸ ਸਮੇਂ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਸੀ

ਦਰਅਸਲ, ਚੋਣਾਂ ਤੋਂ ਕੁੱਝ ਦਿਨ ਪਹਿਲਾਂ ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਵੱਡੀ ਛਾਪੇਮਾਰੀ ਕੀਤੀ ਹੈ। ਪੰਜਾਬ ਦੇ ਮੁਹਾਲੀ ਅਤੇ ਲੁਧਿਆਣਾ ਵਿੱਚ ਜਾਂਚ ਚੱਲ ਰਹੀ ਹੈ। ਕਾਂਗਰਸ ਨੇ ਇਸ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ। ਪੰਜਾਬ ਪਹੁੰਚੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੀਐੱਮ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਰੇਤ ਚੋਰੀ ‘ਚ ਸ਼ਾਮਲ ਹੈ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਆਗੂ ਰਾਘਵ ਚੱਢਾ ਨੇ ਵੀ ਰੇਤ ਚੋਰੀ ਦਾ ਪਰਦਾਫਾਸ਼ ਕੀਤਾ ਸੀ ਪਰ ਮੁੱਖ ਮੰਤਰੀ ਨੇ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਛੁਪਾ ਦਿੱਤਾ। ਉਨ੍ਹਾਂ ਕਿਹਾ ਕਿ ਰੇਤ ਚੋਰੀ ਕਰਨ ਵਾਲੇ ਮੁੱਖ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਮੰਤਰੀ ਮੰਡਲ ਵਿੱਚ ਕਈ ਮੰਤਰੀ ਰੇਤ ਮਾਫੀਆ ਹਨ। ਇਸ ਦੇ ਬਾਵਜੂਦ ਸੀਐਮ ਚੰਨੀ ਨੇ ਉਨ੍ਹਾਂ ਨੂੰ ਨਹੀਂ ਹਟਾਇਆ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਦੇਖ ਰਿਹਾ ਹੈ ਕਿ ਰੇਤ ਚੋਰੀ ਵਿੱਚ ਮੁੱਖ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਸ਼ਾਮਲ ਹੈ।