Punjab

ਭਗਵੰਤ ਮਾਨ ਤੁਹਾਡੇ ਅਤੇ ਅਕਾਲੀ ਦਲ ‘ਚ ਕੋਈ ਫ਼ਰਕ ਨਹੀਂ : ਸੁਖਜਿੰਦਰ ਰੰਧਾਵਾ

‘ਦ ਖ਼ਾਲਸ ਬਿਊਰੋ : ਪੰਜਾਬ ‘ਚ ਖੁੱਲ੍ਹੇ ਮੁਹੱਲਾ ਕਲੀਨਿਕ ‘ਤੇ CM ਭਗਵੰਤ ਮਾਨ ਦੀ ਫੋਟੋ ਨੇ ਸਿਆਸੀ ਖਲਬਲੀ ਮਚਾ ਦਿੱਤੀ ਹੈ। ਭਗਵੰਤ ਮਾਨ ਦੇ ਚੋਣ ਤੋਂ ਪਹਿਲਾਂ ਦਿੱਤੇ ਬਿਆਨ ਨੂੰ ਲੈ ਕੇ ਵਿਰੋਧੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਹੈ ਜਿਸ ਵਿੱਚ ਮਾਨ ਨੇ ਸਰਕਾਰੀ ਸਕੀਮਾਂ ਤੇ ਮੁੱਖ ਮੰਤਰੀ ਦੀ ਫੋਟੋ ਦੀ ਕਾਫੀ ਆਲੋਚਨਾ ਕੀਤੀ ਸੀ। ਮਾਨ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਚੈੱਕ ਵੰਡਣ ਦੀ ਫੋਟੋ ਵੀ ਨਹੀਂ ਆਉਣੀ ਚਾਹੀਦੀ। ਲੋਕਾਂ ਦਾ ਪੈਸਾ ਲੋਕਾਂ ਕੋਲ ਗਿਆ। ਇਸ ਦੇ ਨਾਲ ਹੀ ਕਾਂਗਰਸ ਨੇ ਇਸ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਤੇ ਅਕਾਲੀਆਂ ਵਿੱਚ ਕੋਈ ਫਰਕ ਨਹੀਂ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਸਾਈਕਲਾਂ ਦੀ ਟੋਕਰੀ ‘ਤੇ ਲੱਗੀ ਸੀ ਤੇ ਹੁਣ ਆਮ ਆਦਮੀ ਕਲੀਨਿਕਾਂ ਦੇ ਬਾਹਰ ਭਗਵੰਤ ਸਿੰਘ ਮਾਨ ਦੀ ਫੋਟੋ ਨਜ਼ਰ ਆ ਰਹੀ ਹੈ। ਜਿਸ ਨੂੰ ਲੇ ਕੇ ਵਿਰੋਧੀਆਂ ਵੱਲੋਂ ਮਾਨ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ‘ਚ ਖੁੱਲ੍ਹੇ ਮੁਹੱਲਾ ਕਲੀਨਿਕ ‘ਤੇ CM ਭਗਵੰਤ ਮਾਨ ਦੀ ਫੋਟੋ ‘ਤੇ ਮੁੱਖ ਮੰਤਰੀ ਮਾਨ ‘ਤੇ ਤਿੱਖੇ ਹਮਲੇ ਕੀਤੇ ਹਨ । ਉਨ੍ਹਾਂ ਨੇ  ਟਵੀਟ ਕਰਕੇ ਕਿਹਾ ਹੈ ਕਿ ਆਖ਼ਰ ਭਗਵੰਤ ਮਾਨ ਤੁਹਾਡੇ ਤੇ ਅਕਾਲੀ ਦਲ ‘ਚ ਕੀ ਫਰਕ ਹੈ? ਇਹ ਤੁਹਾਡੀ ਨਿੱਜੀ “ਜਾਗੀਰ” ਨਹੀਂ ਹੈ। ਕੀ ਇਸ਼ਤਿਹਾਰਾਂ ਲਈ ਜਨਤਾ ਦਾ ਪੈਸਾ ਘੱਟ ਹੈ ਕਿ ਹੁਣ ਤੁਸੀਂ ਇਸ ਦਾ ਸਹਾਰਾ ਲਿਆ ਹੈ? ਤੁਹਾਡੇ ਆਪਣੇ ਸ਼ਬਦਾਂ ਵਿੱਚ- “ਸਿਰਫ ਪੱਗਾਂ ਹੀ ਬਦਲੀਆਂ ਨੇ।”