Punjab

15 ਦਸੰਬਰ ਨੂੰ ਪੂਰਾ ਹੋਵੇਗਾ ਇੱਕ ਸਾਲ, ਇਨਸਾਫ਼ ਮੋਰਚੇ ‘ਤੇ ਪਹੁੰਚਣ ਦਾ ਸੱਦਾ

‘ਦ ਖ਼ਾਲਸ ਬਿਊਰੋ : ਬੇਅਦਬੀ ਇਨਸਾਫ਼ ਮੋਰਚੇ ਵੱਲੋਂ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦਾ ਅਸਤੀਫ਼ਾ ਮੰਗਿਆ ਗਿਆ ਹੈ। ਦਰਅਸਲ, ਸਰਕਾਰ ਨੇ ਡੇਢ ਮਹੀਨੇ ਦਾ ਸਮਾਂ ਲਿਆ ਸੀ ਜਿਸਦੀ ਮਿਆਦ ਕੱਲ ਯਾਨਿ 30 ਨਵੰਬਰ ਨੂੰ ਖ਼ਤਮ ਹੋ ਗਈ ਸੀ। ਬੇਅਦਬੀ ਇਨਸਾਫ਼ ਮੋਰਚਾ ਨੂੰ 15 ਦਸੰਬਰ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਉਸ ਦਿਨ ਇੱਥੇ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਐਲਾਨੀ ਜਾਵੇਗਾ। ਕਾਂਗਰਸ ਦੀ ਸਰਕਾਰ ਵੇਲੇ ਇਹ ਮੋਰਚਾ ਸ਼ੁਰੂ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਸਰਕਾਰ ਨੇ ਚਾਰ ਵਾਰ ਸਮਾਂ ਲਿਆ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।

ਬਹਿਬਲ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉੱਤੇ ਇਨਸਾਫ਼ ਦੇ ਲਈ ਮੋਰਚਾ ਲੱਗਾ ਹੋਇਆ ਹੈ। ਮੋਰਚੇ ਦੀ ਅਗਵਾਈ ਕਰ ਰਹੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਸਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਰਕਾਰ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹਲੂਣਾ ਮਾਰਿਆ।

ਬੀਤੇ ਦਿਨੀਂ ਨਿਆਮੀਵਾਲਾ ਨੇ ਮੋਰਚੇ ਬਾਰੇ ਥੋੜੀ ਜਾਣਕਾਰੀ ਅਤੇ ਹਦਾਇਤਾਂ ਦਿੰਦਿਆਂ ਕਿਹਾ ਸੀ ਕਿ ਇਹ ਮੋਰਚਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ, ਇਹ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਦੇ ਲਈ ਚੱਲ ਰਿਹਾ ਹੈ। ਜੇ ਕੋਈ ਵੀ ਬੰਦਾ ਆਪਣੇ ਪੱਧਰ ਉੱਤੇ ਸਰਕਾਰ ਦੇ ਕਿਸੇ ਬੰਦੇ ਨਾਲ ਜਾ ਕੇ ਬੈਠ ਕੇ ਬੇਅਦਬੀ ਦੇ ਇਨਸਾਫ਼ ਦੀ ਗੱਲ ਕਰਦਾ ਹੈ, ਉਹ ਬੰਦਾ ਸਾਡੇ ਮੋਰਚੇ ਦਾ ਹਿੱਸਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਮੋਰਚੇ ਵਿੱਚ ਹੀ ਆ ਕੇ ਗੱਲ ਕਰੇਗੀ। ਇਸ ਲਈ ਕੋਈ ਵੀ ਆਪਣੇ ਪੱਧਰ ਉੱਤੇ ਸਰਕਾਰ ਨਾਲ ਮੁਲਾਕਾਤ ਨਾ ਕਰੇ ਕਿਉਂਕਿ ਸਾਰਾ ਕੁਝ ਮੋਰਚੇ ਵਿੱਚ ਪਾਰਦਰਸ਼ੀ ਹੀ ਹੋਵੇਗਾ। ਨਿਆਮੀਵਾਲਾ ਨੇ ਪੈਸਿਆਂ ਬਾਰੇ ਵੀ ਬੋਲਦਿਆਂ ਕਿਹਾ ਕਿ ਇਸ ਮੋਰਚੇ ਵਿੱਚ ਪੈਸਾ ਜਾਂ ਹੋਰ ਕੋਈ ਨਿੱਜੀ ਵਿਵਾਦ ਕਦੇ ਨਹੀਂ ਆਵੇਗਾ।