‘ਦ ਖ਼ਾਲਸ ਬਿਊਰੋ :- ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਰਤ-ਚੀਨ ਦੇ ਚੱਲ ਰਹੇ ਹਿੰਸਕ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਅਦਿਆਂ ਤੇ ਐਲਾਨਾਂ ਰਾਹੀਂ ਦੇਸ਼ ਦੀ ਸੁਰੱਖਿਆ ਤੇ ਰਣਨੀਤਕ ਹਿੱਤਾਂ ‘ਤੇ ਪੈਣ ਵਾਲੇ ਪ੍ਰਭਾਵ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ।

ਡਾ. ਮਨਮੋਹਨ ਸਿੰਘ ਨੇ ਕਿਹਾ, ”ਅੱਜ ਅਸੀਂ ਇਤਿਹਾਸ ਦੇ ਇੱਕ ਨਾਜ਼ੁਕ ਮੋੜ ‘ਤੇ ਖੜੇ ਹਾਂ। ਸਾਡੀ ਸਰਕਾਰ ਦਾ ਫੈਸਲਾ ਤੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਅਧਾਰ ‘ਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸਾਡਾ ਮੁਲਾਂਕਣ ਕਰਨਗੀਆਂ।” ਉਨ੍ਹਾਂ ਕਿਹਾ, “ਜਿਹੜੇ ਦੇਸ਼ ਦੀ ਅਗਵਾਈ ਕਰ ਰਹੇ ਹਨ, ਉਨ੍ਹਾਂ ਦੇ ਮੋਢਿਆਂ ‘ਤੇ ਸਾਰੀ ਜ਼ਿੰਮੇਵਾਰੀ ਹੈ। ਸਾਡੇ ਲੋਕਤੰਤਰ ‘ਚ ਇਹ ਜ਼ਿੰਮੇਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ।

ਪ੍ਰਧਾਨ ਮੰਤਰੀ ਨੂੰ ਹਮੇਸ਼ਾ ਵਾਅਦੇ ਤੇ ਘੋਸ਼ਣਾਵਾਂ ਰਾਹੀਂ ਦੇਸ਼ ਦੇ ਸੁਰੱਖਿਆ ਤੇ ਰਣਨੀਤਕ ਹਿੱਤਾਂ ‘ਤੇ ਪੈਣ ਵਾਲੇ ਪ੍ਰਭਾਵ ਬਾਰੇ  ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ, ਜਿਸ ਨਾਲ ਚੀਨ ਦੀ ਸਾਜ਼ਿਸ਼ ਵਾਲੀ ਨੀਤੀ ਨੂੰ ਬਲ ਮਿਲੇ। ਸਰਕਾਰ ਦੇ ਸਾਰੇ ਅੰਗਾਂ ਨੂੰ ਇਕਜੁੱਟ ਹੋ ਕੇ ਇਸ ਖ਼ਤਰੇ ਦਾ ਸਾਹਮਣਾ ਕਰਨ ਤੇ ਹਾਲਾਤ ਨੂੰ ਗੰਭੀਰ ਹੋਣ ਤੋਂ ਰੋਕਣ ਵੱਲ ਕੰਮ ਕਰਨਾ ਚਾਹੀਦਾ ਹੈ।

ਡਾ. ਮਨਮੋਹਨ ਸਿੰਘ ਨੇ ਅੱਗੇ ਕਿਹਾ, ”ਅਸੀਂ ਸਰਕਾਰ ਨੂੰ ਅਗਾਹ ਕਰਦੇ ਹਾਂ ਕਿ ਗੁੰਮਰਾਹ ਕਰਨ ਵਾਲਾ ਪ੍ਰਚਾਰ ਕਦੇ ਵੀ ਕੂਟਨੀਤੀ ਤੇ ਮਜ਼ਬੂਤ ਲੀਡਰਸ਼ਿਪ ਦਾ ਬਦਲ ਨਹੀਂ ਹੋ ਸਕਦਾ। ਜੀ ਹਜ਼ੂਰੀ ਕਰਨ ਵਾਲੇ ਸਹਿਯੋਗੀਆਂ ਦੁਆਰਾ ਝੂਠ ਦੇ ਪ੍ਰਚਾਰ ਨਾਲ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਵਕਤ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਉਨ੍ਹਾਂ ਫੌਜੀਆਂ ਦੀਆਂ ਕੁਰਬਾਨੀਆਂ ਦੀ ਕਸਵਟੀ ‘ਤੇ ਖ਼ਰਾ ਉਤਰਨ ਜਿਨ੍ਹਾਂ ਨੇ ਕੌਮੀ ਸੁਰੱਖਿਆ ਤੇ ਦੇਸ਼ ਦੀ ਅਖੰਡਤਾ ਲਈ ਆਪਣੀ ਕੁਰਬਾਣੀ ਦੇ ਦਿੱਤੀ ਹੈ।

ਬੀਤੇ ਦਿਨ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਸਰਬ ਪਾਰਟੀ ਬੈਠਕ ਬੁਲਾਈ ਸੀ ਅਤੇ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਆਨਲਾਈਨ ਸ਼ਾਮਲ ਹੋਏ ਸਨ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ “ਕੋਈ ਵੀ ਸਾਡੇ ਖੇਤਰ ਵਿੱਚ ਦਾਖ਼ਲ ਨਹੀਂ ਹੋਇਆ ਅਤੇ ਨਾ ਹੀ ਕਿਸ ਨੇ ਜ਼ਮੀਨ ‘ਤੇ ਕਬਜ਼ਾ ਕੀਤਾ ਹੈ।